ਓਟਵਾ, 4 ਦਸੰਬਰ : ਕੈਨੇਡਾ ਦੀ ਚੀਫ ਪਬਲਿਕ ਹੈਲਥ ਅਧਿਕਾਰੀ ਡਾ.ਥੈਰੇਸਾ ਟੈਮ ਦਾ ਕਹਿਣਾ ਹੈ ਕਿ ਕੋਵਿਡ-19 ਦੇ ਸਬੰਧ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਪਹਿਲ ਦੇ ਆਧਾਰ ਉੱਤੇ ਵੈਕਸੀਨੇਟ ਕੀਤਾ ਜਾਵੇਗਾ ਉਨ੍ਹਾਂ ਦੀ ਲਿਸਟ ਪਹਿਲਾਂ ਹੀ ਸੋਧੀ ਹੋਈ ਹੋਣੀ ਚਾਹੀਦੀ ਹੈ| ਅਜਿਹਾ ਇਸ ਲਈ ਕਿਉਂਕਿ ਸ਼ੁਰੂਆਤੀ ਛੇ ਮਿਲੀਅਨ ਡੋਜ਼ਾਂ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਕਵਰ ਕਰਨ ਲਈ ਕਾਫੀ ਨਹੀਂ ਹੋਣਗੀਆਂ|
ਜਿਹੜੀ ਵੈਕਸੀਨੇਸ਼ਨ ਦੇ ਖਿਲਾਫ ਚਰਚਾ ਚੱਲ ਰਹੀ ਹੈ ਡ .ਟੈਮ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹਨ| ਉਨ੍ਹਾਂ ਆਖਿਆ ਕਿ ਕੋਵਿਡ-19 ਮਹਾਂਮਾਰੀ ਨੂੰ ਖ਼ਤਮ ਕਰਨ ਲਈ ਕੈਨੇਡਾ ਵੱਲੋਂ ਵੈਕਸੀਨੇਸ਼ਨ ਕਰਵਾਉਣ ਦੀ ਜਿਹੜੀ ਕੋਸ਼ਿਸ਼ ਹੈ ਉਸ ਦਾ ਸਿਰੇ ਲੱਗਣਾ ਜ਼ਰੂਰੀ ਹੈ| ਟੈਮ ਨੇ ਅੱਜ 2020 ਕੈਨੇਡੀਅਨ ਇਮਿਊਨਾਈਜ਼ੇਸ਼ਨ ਕਾਨਫਰੰਸ ਵਿੱਚ ਜੁਟੇ ਮੈਡੀਕਲ ਪ੍ਰੋਫੈਸ਼ਨਲਜ਼ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਹੋਰ ਵੈਕਸੀਨਜ਼ ਨੂੰ ਮਨਜ਼ੂਰੀ ਮਿਲਣ ਤੇ ਉਨ੍ਹਾਂ ਦੇ ਉਤਪਾਦਨ ਵਿੱਚ ਤੇਜ਼ੀ ਆਉਣ ਤੋਂ ਬਾਅਦ ਬਸੰਤ ਤੱਕ ਕੈਨੇਡੀਅਨਾਂ ਨੂੰ ਹੋਰ ਡੋਜ਼ਿਜ਼ ਮਿਲਣ ਦੀ ਆਸ ਰੱਖਣੀ ਚਾਹੀਦੀ ਹੈ|
ਪਰ ਉਨ੍ਹਾਂ ਆਖਿਆ ਕਿ ਛੇ ਮਿਲੀਅਨ ਡੋਜ਼ਾਂ ਜਨਵਰੀ ਤੇ ਮਾਰਚ ਦਰਮਿਆਨ ਪਹੁੰਚਣ ਦੀ ਉਮੀਦ ਹੈ ਪਰ ਇਹ ਤਰਜੀਹੀ ਲਿਸਟ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਲਈ ਕਾਫੀ ਨਹੀਂ ਹੋਣਗੀਆਂ| ਜ਼ਿਕਰਯੋਗ ਹੈ ਕਿ ਇਹ ਲਿਸਟ ਇਮਿਊਨਾਈਜੇਸ਼ਨ ਬਾਰੇ ਨੈਸ਼ਨਲ ਐਡਵਾਈਜ਼ਰੀ ਕਮੇਟੀ ਵੱਲੋਂ ਤਿਆਰ ਕੀਤੀ ਗਈ ਹੈ| ਟੈਮ ਦਾ ਕਹਿਣਾ ਹੈ ਕਿ ਇਸ ਸੂਚੀ, ਜਿਸ ਵਿੱਚ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਵਿਅਕਤੀ ਹਨ ਜਾਂ ਅਜਿਹੇ ਵਿਅਕਤੀ ਹਨ ਜਿਨ੍ਹਾਂ ਦਾ ਅੰਤ ਸਮਾਂ ਨੇੜੇ ਹੈ, ਨੂੰ ਸੋਧਿਆ ਜਾ ਰਿਹਾ ਹੈ|