ਵਾਸ਼ਿੰਗਟਨ, 3 ਫਰਵਰੀ
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਆਗੂਆਂ ਨੇ ਵੱਖ-ਵੱਖ ਆਲਮੀ ਤੇ ਖੇਤਰੀ ਮੁੱਦਿਆਂ ਬਾਰੇ ਵਿਚਾਰਾਂ ਦੀ ਸਾਂਝ ਪਾਈ। ਇਸ ਦੌਰਾਨ ਦੋਹਾਂ ਨੇ ਦੁਵੱਲੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਪੱਕੀ ਕਰਨ ਬਾਰੇ ਵੀ ਚਰਚਾ ਕੀਤੀ। ਬਲਿੰਕਨ ਨੇ ਇਜ਼ਰਾਈਲ ਤੇ ਮਿਸਰ ਸਣੇ ਪੱਛਮੀ ਏਸ਼ੀਆ ਦੇ ਦੌਰ ਤੋਂ ਪਰਤਣ ਤੋਂ ਤੁਰੰਤ ਬਾਅਦ ਬੀਤੇ ਦਿਨ ਡੋਵਾਲ ਨਾਲ ਮੁਲਾਕਾਤ ਕੀਤੀ।
ਬਲਿੰਕਨ ਨੇ ਮੀਟਿੰਗ ਤੋਂ ਬਾਅਦ ਟਵੀਟ ਕੀਤਾ, ‘‘ਅਮਰੀਕਾ ਆਲਮੀ ਚੁਣੌਤੀਆਂ ਨਾਲ ਨਿਪਟਣ ਲਈ ਭਾਰਤ ਨਾਲ ਸਹਿਯੋਗ ਵਧਾ ਰਿਹਾ ਹੈ।’’ ਉਨ੍ਹਾਂ ਟਵੀਟ ਵਿੱਚ ਕਿਹਾ, ‘‘ਸਾਡੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਪੱਕਾ ਕਰਨ ਬਾਰੇ ਚਰਚਾ ਕਰਨ ਲਈ ਅੱਜ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਨਾਲ ਮੇਰੀ ਚੰਗੀ ਮੀਟਿੰਗ ਹੋਈ।’’ ਭਾਰਤੀ ਦੂਤਾਵਾਸ ਨੇ ਵੀ ਇਕ ਟਵੀਟ ਵਿੱਚ ਕਿਹਾ, ‘‘ਦੋਹਾਂ ਧਿਰਾਂ ਨੇ ਆਪਸੀ ਹਿੱਤ ਦੇ ਆਲਮੀ ਤੇ ਖੇਤਰੀ ਮੁੱਦਿਆਂ ਦੀ ਇਕ ਲੜੀ ’ਤੇ ਵਿਚਾਰਾਂ ਦੀ ਸਾਂਝ ਪਾਈ ਅਤੇ ਚਰਚਾ ਕੀਤੀ ਕਿ ਕਿਵੇਂ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ।’’ ਡੋਵਾਲ ਅਮਰੀਕਾ ਵਿੱਚ ਇਕ ਉੱਚ ਅਧਿਕਾਰ ਪ੍ਰਾਪਤ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਮੰਗਲਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਜੈਕ ਸੁਲੀਵਨ ਨਾਲ ਵੀ ਮੁਲਾਕਾਤ ਕੀਤੀ ਸੀ। ਡੋਵਾਲ ਅਤੇ ਸੁਲੀਵਨ ਨੇ ਇੱਥੇ ਵ੍ਹਾਈਟ ਹਾਊਸ ਵਿੱਚ ਆਪੋ-ਆਪਣੇ ਵਫ਼ਦਾਂ ਨਾਲ ‘ਇਨੀਸ਼ਿਏਟਿਵ ਫਾਰ ਕ੍ਰਿਟੀਕਲ ਐਂਡ ਐਮਰਜਿੰਗ ਟੈਕਨੋਲੋਜੀ’ (ਆਈਸੀਈਟੀ) ਦੀ ਪਹਿਲੀ ਉੱਚ ਪੱਧਰੀ ਮੀਟਿੰਗ ਕੀਤੀ ਸੀ।