ਨਵੀਂ ਦਿੱਲੀ, 18 ਜੂਨ
ਇਲੀਟ ਮਹਿਲਾ ਵਰਗ ਵਿੱਚ ਹਾਫ਼ ਮੈਰਾਥਨ ਦਾ ਖ਼ਿਤਾਬ ਜਿੱਤਣ ਵਾਲੀ ਜੋਤੀ ਸਿੰਘ ਦਾ ਡੋਪ ਟੈਸਟ ਪਾਜ਼ੇਟਿਵ ਪਾਏ ਜਾਣ ਮਗਰੋਂ ਉਸ ਨੂੰ 14 ਮਈ ਤੋਂ ਅਣਮਿਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਮੈਰਾਥਨ ਨਵੀਂ ਦਿੱਲੀ ਵਿੱਚ 24 ਫਰਵਰੀ ਨੂੰ ਕਰਵਾਈ ਗਈ ਸੀ। ਜੋਤੀ ਤੋਂ ਇਸ ਮੁਕਾਬਲੇ ਦਾ ਸੋਨ ਤਗ਼ਮਾ ਖੋਹਿਆ ਜਾਣਾ ਵੀ ਤੈਅ ਹੈ।
ਰੇਸ ਨਿਰਦਸ਼ਕ ਨਾਗਰਾਜ ਅੜਿਗਾ ਨੇ ਕਿਹਾ, ‘‘ਜੇਕਰ ਇਹ ਸਹੀ ਹੈ ਤਾਂ ਉਸ ਤੋਂ ਸੋਨ ਤਗ਼ਮਾ ਲੈ ਲਿਆ ਜਾਵੇਗਾ, ਜੋ ਚਾਂਦੀ ਦਾ ਤਗ਼ਮਾ ਜੇਤੂ ਅਥਲੀਟ ਨੂੰ ਮਿਲੇਗਾ।’’ ਨਾਡਾ ਨੇ ਨਾਲ ਹੀ ਕਿਹਾ ਕਿ 2010 ਦਿੱਲੀ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਵੇਟਲਿਫਟਰ ਦੇ ਰਵੀ ਕੁਮਾਰ ਨੂੰ ਵੀ ਪਾਬੰਦੀਸ਼ੁਦਾ ਪਦਾਰਥ ਪਾਜ਼ੇਟਿਵ ਪਾਏ ਜਾਣ ਮਗਰੋਂ ਅਣਮਿਥੇ ਸਮੇਂ ਲਈ ਮੁਅੱਤਲ ਕੀਤਾ ਗਿਆ ਹੈ। ਰਵੀ ਤੋਂ ਪਹਿਲਾਂ ਬੀਤੇ ਮਹੀਨੇ ਇੱਕ ਦਰਜਨ ਤੋਂ ਵੱਧ ਵੇਟਲਿਫਟਰ ਡੋਪ ਟੈਸਟ ਵਿੱਚ ਫੇਲ੍ਹ ਹੋਏ ਸਨ। ਰਵੀ ਦਾ ਨਮੂਨਾ ਫਰਵਰੀ ਵਿੱਚ ਵਿਸ਼ਾਖਾਪਟਨਮ ਵਿੱਚ 71ਵੀਂ ਪੁਰਸ਼ ਅਤੇ 34ਵੇਂ ਮਹਿਲਾ ਸੀਨੀਅਰ ਕੌਮੀ ਵੇਟਲਿਫਟਿੰਗ ਮੁਕਾਬਲੇ ਦੌਰਾਨ ਲਿਆ ਗਿਆ ਸੀ। ਨਾਡਾ ਅਨੁਸਾਰ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਪੰਜ ਹੋਰ ਵੇਟਲਿਫਟਰਾਂ ਵੀਰੇਂਦਰ ਸੋਲੰਕੀ (96 ਕਿਲੋ), ਦੀਪਿਕਾ (49 ਕਿਲੋ), ਵਿਸ਼ਾਲ ਸੋਲੰਕੀ (109 ਕਿਲੋ), ਸੀਮਾ (81 ਕਿਲੋ) ਅਤੇ ਪੂਰਨਿਮਾ ਪਾਂਡੇ (87 ਕਿਲੋ) ਦੇ ਟੈਸਟ ਵੀ ਪਾਜ਼ੇਟਿਵ ਪਾਏ ਗਏ ਹਨ।
ਇਸ ਸਾਲ ਪੁਣੇ ਵਿੱਚ ਖੇਲੋ ਇੰਡੀਆ ਯੂਥ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੇ ਰੋਹਿਤ ਅਹੀਰੇ (ਗ੍ਰੀਮੋ ਰੋਮਨ 72 ਕਿਲੋ) ਅਤੇ ਤੈਰਾਕ ਸਾਹਿਲ ਪਵਾਰ (50 ਮੀਟਰ ਫਰੀਸਟਾਈਲ) ਨੂੰ ਵੀ ਪਾਬੰਦੀਸ਼ੁਦਾ ਪਦਾਰਥ ਪਾਏ ਜਾਣ ਕਾਰਨ ਮੁਅੱਤਲ ਕੀਤਾ ਗਿਆ। ਨਾਡਾ ਦੇ ਡੋਪਿੰਗ ਰੋਕੂ ਅਪੀਲ ਪੈਨਲ ਨੇ 2014 ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦੀ ਮੈਂਬਰ 400 ਮੀਟਰ ਦੌੜ ਦੀ ਦੌੜਾਕ ਪ੍ਰਿਯੰਕਾ ਪੰਵਾਰ ਨੂੰ ਅੱਠ ਸਾਲ ਲਈ ਮੁਅੱਤਲ ਕਰਨ ਦੇ ਅਨੁਸ਼ਾਸਨਤਮਕ ਪੈਨਲ ਦੇ ਫ਼ੈਸਲੇ ਨੂੰ ਕਾਇਮ ਰੱਖਿਆ ਹੈ। ਪ੍ਰਿਯੰਕਾ ਦਾ ਟੈਸਟ 2016 ਵਿੱਚ ਦੂਜੀ ਵਾਰ ਪਾਜ਼ੇਟਿਵ ਪਾਇਆ ਗਿਆ ਸੀ।