ਪੈਰਿਸ, 10 ਜਨਵਰੀ

ਫਰਾਂਸ ਦੇ ਵਿਗਿਆਨੀਆਂ ਨੇ ਖੋਜ ਵਿਚ ਦਾਅਵਾ ਕੀਤਾ ਹੈ ਕਿ ਕੋਵਿਡ-19 ਦਾ ਨਵਾਂ ਰੂਪ ਓਮੀਕਰੋਨ ਡੈਲਟਾ ਰੂਪ ਨਾਲੋਂ 105 ਫੀਸਦੀ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਇਸ ਖੋਜ ਜ਼ਰੀਏ ਫਰਾਂਸ ਵਿਚ 1,31,478 ਜਣਿਆਂ ਦੇ 25 ਅਕਤੂਬਰ ਤੋਂ 18 ਦਸੰਬਰ ਦਰਮਿਆਨ ਟੈਸਟਾਂ ਦਾ ਮੁਲਾਂਕਣ ਕੀਤਾ ਗਿਆ। ਉਨ੍ਹਾਂ ਨੇ ਓਮੀਕਰੋਨ, ਅਲਫ਼ਾ ਅਤੇ ਡੈਲਟਾ ਦੀ ਲਾਗ ਨਾਲ ਪ੍ਰਭਾਵਿਤ ਮਰੀਜ਼ਾਂ ਦੀ 21 ਦਿਨਾਂ ਤਕ ਦੇ ਸਮੇਂ ਵਿਚ ਤੁਲਨਾ ਕੀਤੀ। ਉਨ੍ਹਾਂ ਨੂੰ ਪਤਾ ਲੱਗਾ ਕਿ ਡੈਲਟਾ ਅਤੇ ਓਮੀਕਰੋਨ ਵਾਲੇ ਮਰੀਜ਼ਾਂ ਵਿੱਚ ਲਾਗ ਫੈਲਣ ਦੀ ਦਰ ਦਾ ਅੰਤਰ ਲਗਪਗ 105 ਫੀਸਦੀ ਸੀ। ਸੈਂਟਰ ਫਾਰ ਇੰਟਰਡਿਸਿਪਲਨਰੀ ਰਿਸਰਚ ਇਨ ਬਾਇਓਲੋਜੀ ਫਰਾਂਸ ਦੇ ਸੈਮੁਅਲ ਅਲੀਜ਼ੋਨ ਨੇ ਦੱਸਿਆ ਕਿ ਡੈਲਟਾ ਵੇਰੀਐਂਟ ਦੇ ਮੁਕਾਬਲੇ ਓਮੀਕਰੋਨ ਵੇਰੀਐਂਟ ਬਹੁਤ ਜ਼ਿਆਦਾ ਫੈਲਣ ਵਾਲਾ ਹੈ ਜਿਸ ਕਾਰਨ ਮਹਾਮਾਰੀ ਦੀ ਲਹਿਰ ਨੂੰ ਤੇਜ਼ੀ ਨਾਲ ਘਟਾਉਣਾ ਬਹੁਤ ਜ਼ਰੂਰੀ ਹੈ। ਨਤੀਜਿਆਂ ਨੇ ਇਹ ਵੀ ਦਿਖਾਇਆ ਹੈ ਕਿ ਨੌਜਵਾਨਾਂ ਵਿੱਚ ਓਮੀਕਰੋਨ ਵੇਰੀਐਂਟ ਜਾਂ ਅਲਫ਼ਾ ਵੇਰੀਐਂਟ ਨਾਲ ਇਨਫੈਕਸ਼ਨ ਫੈਲਣ ਦੀ ਦਰ ਡੈਲਟਾ ਵੇਰੀਐਂਟ ਨਾਲੋਂ ਜ਼ਿਆਦਾ ਸੀ। ਖੋਜ ਵਿਚ ਗਿਆ ਹੈ ਕਿ ਓਮੀਕਰੋਨ ਗੰਭੀਰ ਬਿਮਾਰ ਕਰਨ ਦੀ ਥਾਂ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਓਮੀਕਰੋਨ ਉੱਪਰੀ ਸਾਹ ਨਾਲੀ ’ਤੇ ਹਮਲਾ ਕਰਦਾ ਹੈ ਪਰ ਫੇਫੜਿਆਂ ’ਤੇ ਜ਼ਿਆਦਾ ਅਸਰ ਨਹੀਂ ਕਰਦਾ।