ਕੁਆਲਾਲੰਪੁਰ, 8 ਅਪਰੈਲ
ਚੀਨ ਦੇ ਸੀਨੀਅਰ ਬੈਡਮਿੰਟਨ ਖਿਡਾਰੀ ਲਿਨ ਡੈਨ ਨੇ ਅੱਜ ਇੱਥੇ ਮਲੇਸ਼ੀਆ ਓਪਨ ਦੇ ਫਾਈਨਲ ਵਿੱਚ ਹਮਵਤਨ ਚੇਨ ਲੋਂਗ ਨੂੰ ਹਰਾ ਕੇ ਦੋ ਸਾਲ ਵਿੱਚ ਪਹਿਲਾ ਵੱਡਾ ਖ਼ਿਤਾਬ ਆਪਣੇ ਨਾਮ ਕੀਤਾ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਨੇ 78 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਪਹਿਲਾ ਗੇਮ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ।
ਵਿਸ਼ਵ ਰੈਂਕਿੰਗਜ਼ ਵਿੱਚ 16ਵੇਂ ਸਥਾਨ ’ਤੇ ਕਾਬਜ਼ 35 ਸਾਲ ਦੇ ਇਸ ਖਿਡਾਰੀ ਨੇ ਚੌਥਾ ਦਰਜਾ ਪ੍ਰਾਪਤ ਚੇਨ ਨੂੰ 9-21, 21-7, 21-11 ਨਾਲ ਹਰਾਇਆ। ਇਸ ਜਿੱਤ ਨਾਲ ਦੋ ਵਾਰ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਨੂੰ 49 ਹਜ਼ਾਰ ਡਾਲਰ ਨਕਦ ਪੁਰਸਕਾਰ ਮਿਲਿਆ।
ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਤਾਇਵਾਨ ਦੀ ਸੀਨੀਅਰ ਦਰਜਾ ਪ੍ਰਾਪਤ ਤਾਇ ਜ਼ੂ-ਯਿੰਗ ਨੇ ਜਾਪਾਨ ਦੀ ਅਕਾਨੇ ਯਾਮਾਗੁਚੀ ਹਰਾ ਕੇ ਲਗਾਤਾਰ ਤੀਜੀ ਵਾਰ ਮਲੇਸ਼ਿਆਈ ਓਪਨ ਦਾ ਖ਼ਿਤਾਬ ਆਪਣੇ ਨਾਮ ਕੀਤਾ।