ਨਵੀਂ ਦਿੱਲੀ, ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਇੱਥੇ ਦੱਸਿਆ ਕਿ ਅਗਲੇ ਹਫ਼ਤੇ ਖੇਡੇ ਜਾਣ ਵਾਲੇ ਡੈਨਮਾਰਕ ਓਪਨ ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ ਤੇ ਉਮੀਦ ਹੈ ਕਿ ਇਹ ਸਮੇਂ ਸਿਰ ਮਿਲ ਜਾਵੇਗਾ। ਸਾਇਨਾ ਨੂੰ ਡੈਨਮਾਰਕ ਦਾ ਵੀਜ਼ਾ ਮਿਲਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ। ਇਸ ਨੂੰ ਸੁਲਝਾਉਣ ਲਈ ਉਨ੍ਹਾਂ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ। ਸਾਇਨਾ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ‘ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਅੱਜ ਹੈਦਰਾਬਾਦ ਤੋਂ ਸ਼ੁਰੂ ਹੋ ਗਈ। ਅਸੰਭਵ ਨੂੰ ਸੰਭਵ ਬਣਾਉਣ ਲਈ ਸੰਜੀਵ ਗੁਪਤਾ (ਗ੍ਰਹਿ ਮੰਤਰਾਲੇ ਦੇ ਅਧਿਕਾਰੀ) ਤੇ ਡੈਨਮਾਰਕ ਦੂਤਾਵਾਸ ਵੱਲੋਂ ਛੁੱਟੀ ਵਾਲੇ ਦਿਨ ਵੀ ਕੰਮ ਕਰਨ ਲਈ ਸ਼ੁਕਰੀਆ। ਉਮੀਦ ਹੈ ਕਿ ਸ਼ੁੱਕਰਵਾਰ ਨੂੰ ਉਡਾਨ ਤੋਂ ਪਹਿਲਾਂ ਵੀਜ਼ਾ ਮਿਲ ਜਾਵੇਗਾ।’ ਡੈਨਮਾਰਕ ਓਪਨ ਸਿਖ਼ਰਲਾ ਬੀਡਬਲਿਊਐਫ ਸੁਪਰ 750 ਟੂਰਨਾਮੈਂਟ ਹੈ ਜੋ 15 ਤੋਂ 20 ਅਕਤੂਬਰ ਤੱਕ ਓਡੇਂਸੇ ਵਿਚ ਖੇਡਿਆ ਜਾਵੇਗਾ। ਓਲੰਪਿਕ ਕਾਂਸੀ ਤਗ਼ਮਾ ਜੇਤੂ 29 ਸਾਲਾ ਸਾਇਨਾ ਪਿਛਲੇ ਸਾਲ ਇਸ ਟੂਰਨਾਮੈਂਟ ਦੀ ਉਪ ਜੇਤੂ ਰਹੀ ਸੀ। ਉਹ ਫਾਈਨਲ ਵਿਚ ਚੀਨ ਦੀ ਤਾਇ ਜੁ-ਯਿੰਗ ਤੋਂ ਹਾਰ ਗਈ ਸੀ। ਸਾਇਨਾ ਨੇ ਇਸ ਵਾਰ ਖ਼ਿਤਾਬ ਆਪਣੇ ਨਾਂ ਕਰਨ ਲਈ ਪੂਰਾ ਜ਼ੋਰ ਲਾਇਆ ਹੋਇਆ ਤੇ ਉਹ ਲਗਾਤਾਰ ਅਭਿਆਸ ਕਰ ਰਹੀ ਹੈ।