ਐਡੀਲੇਡ/ਟੋਕੀਓ, 7 ਮਾਰਚ
ਜੌਹਨ ਮਿਲਮੈਨ ਨੇ ਪਹਿਲਾ ਸੈੱਟ ਤੇ ਫਿਰ ਸਰਵਿਸ ਗੁਆਉਣ ਦੇ ਬਾਵਜੂਦ ਥਿਏਗੋ ਸੀਬੋਥ ਵਾਈਲਡ ਨੂੰ ਦੂਜੇ ਸਿੰਗਲਜ਼ ਮੈਚ ਵਿਚ 4-6, 7-6, 6-2 ਨਾਲ ਹਰਾ ਕੇ ਆਸਟਰੇਲੀਆ ਨੂੰ ਇੱਥੇ ਡੇਵਿਸ ਕੱਪ ਕੁਆਲੀਫਾਇਰ ਵਿਚ ਬ੍ਰਾਜ਼ੀਲ ’ਤੇ 2-0 ਨਾਲ ਲੀਡ ਦਿਵਾ ਦਿੱਤੀ। ਇਸ ਤੋਂ ਪਹਿਲਾਂ ਜੌਰਡਨ ਥੌਂਪਸਨ ਨੇ ਪਹਿਲੇ ਸਿੰਗਲਜ਼ ਮੁਕਾਬਲੇ ਥਿਏਗੋ ਮੌਂਟੇਰੋ ਨੂੰ 6-4, 6-4 ਨਾਲ ਹਰਾ ਕੇ ਆਸਟਰੇਲੀਆ ਨੂੰ ਸ਼ੁਰੂਆਤੀ ਲੀਡ ਦਿਵਾਈ ਸੀ। ਆਸਟਰੇਲੀਆ ਆਪਣੇ ਦੋ ਸਿਖ਼ਰਲੇ ਰੈਂਕਿੰਗ ਵਾਲੇ ਖਿਡਾਰੀਆਂ ਨਿਕ ਕਿਰਗੀਓਜ਼ ਤੇ ਐਲੈਕਸ ਡੀ ਮੀਨੌਰ ਤੋਂ ਬਿਨਾਂ ਖੇਡ ਰਹੇ ਹਨ। ਉਹ ਦੋਵੇਂ ਫੱਟੜ ਹਨ। ਇਸ ਮੁਕਾਬਲੇ ਦੇ ਜੇਤੂ ਨਵੰਬਰ ਵਿਚ ਮੈਡਰਿਡ ’ਚ ਹੋਣ ਵਾਲੇ ਡੇਵਿਸ ਕੱਪ ਫਾਈਨਲ ਵਿਚ ਖੇਡਣਗੇ। ਇਕੁਆਡੋਰ ਨੇ ਵੀ ਜਪਾਨ ’ਤੇ 2-0 ਨਾਲ ਚੜ੍ਹਤ ਕਾਇਮ ਕੀਤੀ ਇਕੁਆਡੋਰ ਨੇ ਸੰਘਰਸ਼ਪੂਰਨ ਜਿੱਤ ਨਾਲ ਡੇਵਿਸ ਕੱਪ ਕੁਆਲੀਫਾਇਰ ਵਿਚ ਅੱਜ ਜਪਾਨ ’ਤੇ 2-0 ਦੀ ਲੀਡ ਬਣਾ ਲਈ। ਕਰੋਨਾਵਾਇਰਸ ਕਾਰਨ ਇਹ ਮੁਕਾਬਲਾ ਖ਼ਾਲੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਐਮੀਲੀਓ ਗੋਮੇਜ਼ ਨੇ ਗੋ ਸੋਏਦਾ ਨੂੰ 7-5, 7-6 (7/3) ਨਾਲ ਜਦਕਿ ਰੌਬਰਟ ਕਵਿਰੋਜ਼ ਨੇ ਯਾਸੁਤਾਕਾ ਉਚਿਆਮਾ ਨੂੰ 7-6 (7/4), 2-6, 7-6 (10/8) ਨੂੰ ਹਰਾ ਕੇ ਇਕੁਆਡੋਰ ਨੂੰ 2-0 ਨਾਲ ਅੱਗੇ ਕੀਤਾ।
ਜਪਾਨ ਆਪਣੇ ਦੋ ਸਟਾਰ ਖਿਡਾਰੀਆਂ ਫੱਟੜ ਕੇਈ ਨਿਸ਼ੀਕੋਰੀ ਤੇ ਵਿਸ਼ਵ ਦੇ 48ਵੇਂ ਨੰਬਰ ਦੇ ਯੋਸ਼ੀਹਿਤੋ ਨਿਸ਼ਿਯੋਕਾ ਤੋਂ ਬਿਨਾਂ ਖੇਡ ਰਿਹਾ ਹੈ। ਇਹ ਮੁਕਾਬਲਾ ਪੱਛਮੀ ਜਪਾਨ ਦੇ ਮਿਕੀ ਸ਼ਹਿਰ ਵਿਚ ਖੇਡਿਆ ਜਾ ਰਿਹਾ ਹੈ, ਜਿਸ ਵਿਚ ਕੋਈ ਦਰਸ਼ਕ ਮੌਜੂਦ ਨਹੀਂ ਸੀ। ਦੱਸਣਯੋਗ ਹੈ ਕਿ ਕਰੋਨਾਵਾਇਰਸ ਕਾਰਨ ਪੂਰੀ ਦੁਨੀਆ ਵਿਚ ਕਈ ਕੌਮਾਂਤਰੀ ਮੁਕਾਬਲੇ ਰੱਦ ਹੋ ਗਏ ਹਨ ਜਾਂ ਮੁਲਤਵੀ ਕਰ ਦਿੱਤੇ ਗਏ ਹਨ। ਹੁਣ ਤੱਕ ਲੱਖ ਤੋਂ ਵੱਧ ਲੋਕ ਵਾਇਰਸ ਤੋਂ ਪੀੜਤ ਹਨ ਤੇ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ।