ਸਿਰਸਾ, ਡੇਰਾ ਸਿਰਸਾ ਵਿੱਚ ਤਲਾਸ਼ੀ ਮੁਹਿੰਮ ਕਿਸੇ ਵੇਲੇ ਵੀ ਸ਼ੁਰੂ ਹੋ ਸਕਦੀ ਹੈ। ਇਹ ਤਲਾਸ਼ੀ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਲਈ ਜਾਵੇਗੀ। ਤਲਾਸ਼ੀ ਮੁਹਿੰਮ ਦੇ ਮੱਦੇਨਜ਼ਰ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ।
ਸੂਤਰਾਂ ਅਨੁਸਾਰ ਡੇਰਾ ਸਿਰਸਾ ਵਿੱਚ ਕਿਸੇ ਵੇਲੇ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਸਕਦੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਇਹ ਤਲਾਸ਼ੀ ਮੁਹਿੰਮ ਸੇਵਾਮੁਕਤ ਜੱਜ ਕੇ. ਐੱਸ. ਪਵਾਰ ਦੀ ਨਿਗਰਾਨੀ ਹੇਠ ਚਲਾਈ ਜਾਵੇਗੀ। ਤਲਾਸ਼ੀ ਮੁਹਿੰਮ ਦੇ ਮੱਦੇਨਜ਼ਰ ਪੁਲੀਸ ਵੱਲੋਂ ਡੇਰੇ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਸਿਰਸਾ ਵਿੱਚ ਭੜਕੀ ਹਿੰਸਾ ਦੇ ਮੱਦੇਨਜ਼ਰ ਸੈਨਾ ਦੀਆਂ ਦੋ ਟੁਕੜੀਆਂ ਤੋਂ ਇਲਾਵਾ ਦਸ ਅਰਧ ਸੈਨਕ ਬਲ ਦੀਆਂ ਟੁਕੜੀਆਂ ਤੇ ਪੰਜ ਹਰਿਆਣਾ ਪੁਲੀਸ ਦੀਆਂ ਟੁਕੜੀਆਂ ਤਾਇਨਾਤ ਹਨ। ਪ੍ਰਸ਼ਾਸਨ ਨੇ ਬਹੁਤੇ ਲੋਕਾਂ ਨੂੰ ਨਵੇਂ ਡੇਰੇ ’ਚੋਂ ਕੱਢ ਕੇ ਘਰਾਂ ਨੂੰ ਭੇਜ ਦਿੱਤਾ ਸੀ ਪਰ ਸੈਨਾ ਤੇ ਪੁਲੀਸ ਡੇਰੇ ਦੇ ਅੰਦਰ ਦਾਖ਼ਲ ਨਹੀਂ ਹੋਈ। ਹੁਣ ਅਦਾਲਤੀ ਆਦੇਸ਼ਾਂ ’ਤੇ ਨਵੇਂ ਡੇਰੇ ਤੇ ਪੁਰਾਣੇ ਡੇਰੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ।