ਸਿਰਸਾ, ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰਾ ਸੱਚਾ ਸੌਦਾ, ਸਿਰਸਾ ’ਚ ਸਰਚ ਮੁਹਿੰਮ ਚਲਾਉਣ ਦੇ ਦਿੱਤੇ ਹੁਕਮਾਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਸਰਗਰਮ ਹੋ ਗਿਆ ਹੈ। ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਅੱਜ ਅਧਿਕਾਰੀਆਂ ਨਾਲ ਮੀਟਿੰਗ ਬਾਅਦ ਡਿਊਟੀਆਂ ਲਗਾ ਦਿੱਤੀਆਂ ਹਨ। ਇਸ ਮੁਹਿੰਮ ਵਾਸਤੇ ਵਿਸ਼ੇਸ਼ ਕਮਾਂਡੋ, ਚਾਰ ਬੰਬ ਨਕਾਰਾ ਕਰੂ ਦਸਤੇ ਅਤੇ 9 ਡਾਗ ਸਕੁਐਡ ਟੀਮਾਂ ਸਿਰਸਾ ਪਹੁੰਚ ਗਈਆਂ ਹਨ। ਸਰਚ ਮੁਹਿੰਮ ਦੀ ਵੀਡੀਓਗ੍ਰਾਫੀ ਲਈ ਪ੍ਰਸ਼ਾਸਨ ਵੱਲੋਂ 60 ਐਚਡੀ ਕੈਮਰਾਮੈਨ ਬੁਲਾਏ ਗਏ ਹਨ। ਤਲਾਸ਼ ਮੁਹਿੰਮ ਸੇਵਾਮੁਕਤ ਜੱਜ ਏ.ਕੇ.ਐਸ. ਪੁਆਰ ਦੀ ਨਿਗਰਾਨੀ ਹੇਠ ਚਲਾਈ ਜਾਵੇਗੀ। ਉਨ੍ਹਾਂ ਦੇ ਅੱਜ ਸ਼ਾਮ ਜਾਂ ਭਲਕੇ ਇਥੇ ਪਹੁੰਚਣ ਦੀ ਉਮੀਦ ਹੈ। ਹਰਿਆਣਾ ਪੁਲੀਸ ੇ ਸੀਨੀਅਰ ਅਧਿਕਾਰੀ ਡੇਰੇ ਨੇੜੇ ਤਾਇਨਾਤ ਕੀਤੇ ਗਏ ਹਨ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਲਈ ਕੈਦ ਹੋਣ ਮਗਰੋਂ ਡੇਰੇ ਦੀਆਂ ਸ਼ੱਕੀ ਗਤੀਵਿਧੀਆਂ ਤੇ ਅੰਦਰਲੇ ਸੱਚ ਪਤਾ ਲਾਉਣ ਲਈ ਹਾਈ ਕੋਰਟ ਦੇ ਹੁਕਮਾਂ ’ਤੇ ਸਰਚ ਮੁਹਿੰਮ ਚਲਾਈ ਜਾਣੀ ਹੈ। ਦੱਸਣਯੋਗ ਹੈ ਕਿ ਇਹ ਮੁਹਿੰਮ ਡੇਰਾ ਮੁਖੀ ਨੂੰ ਕੈਦ ਹੋਣ ਦੇ 14 ਦਿਨਾਂ ਬਾਅਦ ਚਲਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਸ ਵਕਫ਼ੇ ਦੌਰਾਨ ਡੇਰੇ ਨੂੰ ਸ਼ੱਕੀ ਚੀਜ਼ਾਂ ਨੂੰ ਖੁਰਦ ਬੁਰਦ ਕਰਨ ਅਤੇ ਸਬੂਤ ਮਿਟਾਉਣ ਦਾ ਮੌਕਾ ਮਿਲ ਗਿਆ ਹੈ। ਸੂਤਰਾਂ ਮੁਤਾਬਕ ਇਸ ਮੁਹਿੰਮ ਦੌਰਾਨ ਜੱਜ ਪੁਆਰ ਨਾਲ ਚਾਰ ਆਈਪੀਐਸ ਅਫ਼ਸਰਾਂ ਤੋਂ ਇਲਾਵਾ ਹੋਰ ਉਚ ਅਧਿਕਾਰੀ ਮੌਜੂਦ ਰਹਿਣਗੇ। ਇਸ ਮੁਹਿੰਮ ਲਈ ਬੁਲੇਟ ਪਰੂਫ ਗੱਡੀਆਂ, ਕਰੇਨਾਂ, ਅੱਗ ਬੁਝਾਊ ਗੱਡੀਆਂ ਅਤੇ ਛੇ ਜੇਸੀਬੀ ਮਸ਼ੀਨਾਂ ਤਿਆਰ ਹਨ।
ਇਸ ਮੁਹਿੰਮ ਕਾਰਨ ਡੇਰੇ ਵਿਚਲੇ ਪ੍ਰੇਮੀਆਂ ਵਿੱਚ ਹਫੜਾ ਦਫ਼ੜੀ ਨਜ਼ਰ ਆਈ ਪਰ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਕਿ ਡੇਰਾ ਹਰ ਤਰ੍ਹਾਂ ਦੀ ਸਰਚ ਮੁਹਿੰਮ ਲਈ ਤਿਆਰ ਹੈ। ਡੇਰਾ ਕਾਨੂੰਨ ਦੀ ਪਾਲਣਾ ਕਰਦਾ ਰਿਹਾ ਹੈ ਤੇ ਅੱਗੇ ਵੀ ਕਰਦਾ ਰਹੇਗਾ। ਡੇਰੇ ਦੇ ਨਾਂ ਜਿਹੜਾ ਅਸਲਾ ਸੀ, ਉਹ ਜਮ੍ਹਾਂ ਕਰਵਾ ਦਿੱਤਾ ਹੈ ਅਤੇ ਜੋ ਰਹਿ ਗਿਆ ਹੈ, ਉਹ ਵੀ ਜਮ੍ਹਾਂ ਕਰਵਾ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਦੱਸਿਆ ਹੈ ਕਿ ਜੱਜ ਏ.ਕੇ.ਐਸ. ਪੁਆਰ 7 ਸਤੰਬਰ ਨੂੰ ਸਵੇਰੇ ਸਿਰਸਾ ਪਹੁੰਚਣਗੇ। ਉਸ ਬਾਅਦ ਸਰਚ ਮੁਹਿੰਮ ਸ਼ੁਰੂ ਹੋਵੇਗੀ।

‘ਪਾਪਾ ਦੀ ਪਰੀ’ ਦਾ ਕੋਈ ਖੋਜ ਖੁਰਾ ਨਹੀਂ
ਡੇਰਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ ਇੰਸਾਂ ਅਤੇ ਉਸ ਦਾ ਕੱਟੜ ਪ੍ਰੇਮੀ ਅਦਿਤਿਆ ਇੰਸਾਂ ਅਜੇ ਤਕ ਪੁਲੀਸ ਦੇ ਹੱਥ ਨਹੀਂ ਆਏ ਹਨ। ਹਰਿਆਣਾ ਪੁਲੀਸ ਨੇ ਅੱਜ ਦੱਸਿਆ ਕਿ ਇਨ੍ਹਾਂ ਭਗੌੜਿਆਂ ਨੂੰ ਕਾਬੂ ਕਰਨ ਲਈ ਮੁੰਬਈ ਤੇ ਨੇਪਾਲ ਨੇੜਲੇ ਇਲਾਕਿਆਂ ਵਿੱਚ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਨੇ ਦੱਸਿਆ ਕਿ ਉਹ ਬਾਕੀ ਸੂਬਿਆਂ ਦੀ ਪੁਲੀਸ ਦੇ ਸੰਪਰਕ ਵਿੱਚ ਹੈ ਅਤੇ ਉਮੀਦ ਹੈ ਕਿ  ਹਨੀਪ੍ਰੀਤ ਤੇ ਅਦਿਤਿਆ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹਰਿਆਣਾ ਦੇ ਡੀਜੀਪੀ ਬੀ.ਐਸ. ਸੰਧੂ ਨੇ ਕਿਹਾ, ‘ਸਾਨੂੰ ਉਮੀਦ ਹੈ ਕਿ ਇਨ੍ਹਾਂ ਨੂੰ ਜਲਦੀ ਨੱਪ ਲਿਆ ਜਾਵੇਗਾ।’ ਦੱਸਣਯੋਗ ਹੈ ਕਿ ਹਰਿਆਣਾ ਪੁਲੀਸ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਪਹਿਲੀ ਸਤੰਬਰ ਨੂੰ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਡੀਜੀਪੀ ਨੇ ਦੱਸਿਆ ਕਿ ਡੇਰੇ ਵੱਲੋਂ ਵੀ ਇਨ੍ਹਾਂ ਨੂੰ ਪੁਲੀਸ ਨਾਲ ਸਹਿਯੋਗ ਕਰਨ ਲਈ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ, ‘ਸਾਡੇ ਕੋਲ ਕੁੱਝ ਸੁਰਾਗ਼ ਹਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ।