ਜਲੰਧਰ, 9 ਮਾਰਚ
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਥਾਣਾ ਪਤਾਰਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਵੱਲੋਂ ਦਿਹਾਤੀ ਪੁਲੀਸ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਡੇਰਾ ਮੁਖੀ ਆਪਣੇ ਧਾਰਮਿਕ ਚੈਨਲ ’ਤੇ ਗੁਰੂ ਰਵਿਦਾਸ ਅਤੇ ਭਗਤ ਕਬੀਰ ਬਾਰੇ ਤੱਥਾਂ ਤੋਂ ਰਹਿਤ ਮਨਘੜਤ ਸਾਖੀਆਂ ਸੁਣਾ ਕੇ ਦੋਵੇਂ ਧਾਰਮਿਕ ਰਹਿਬਰਾਂ ਦਾ ਅਪਮਾਨ ਕਰ ਰਿਹਾ ਹੈ। ਜੱਸੀ ਨੇ ਸ਼ਿਕਾਇਤ ਵਿੱਚ ਕਿਹਾ ਕਿ ਡੇਰਾ ਮੁਖੀ ਦੇ ਇਸ ਬਿਆਨ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਸ ਨੇ ਦੱਸਿਆ ਕਿ ਉਸ ਨੇ ਪੁਲੀਸ ਨੂੰ ਇਸ ਸਬੰਧੀ ਤਿੰਨ ਮਾਰਚ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਜਿਸ ’ਤੇ ਕਾਰਵਾਈ ਕਰਦਿਆਂ ਥਾਣਾ ਪਤਾਰਾ ਵਿੱਚ 7 ਮਾਰਚ ਨੂੰ ਕੇਸ ਦਰਜ ਕੀਤਾ ਗਿਆ ਹੈ।