ਚੰਡੀਗੜ੍ਹ, 27 ਅਗਸਤ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਬਲਤਾਕਾਰ ਦਾ ਦੋਸ਼ੀ ਕਰਾਰ ਦੇਣ ਅਤੇ 28 ਅਗਸਤ ਨੂੰ ਸਜ਼ਾ ਸੁਣਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਹਨ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਕਰਫਿਊ ਲਾਉਣ ਦੀ ਤਿਆਰੀ ਹੈ। ਗੜਬੜ ਦੇ ਮੱਦੇਨਜ਼ਰ ਸੂਬੇ ਵਿੱਚ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਡੇਰਾ ਪ੍ਰੇਮੀਆਂ ਨੂੰ ਨਾਮ ਚਰਚਾ ਘਰਾਂ ਵਿੱਚ ਇਕੱਠੇ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਜਾ ਰਹੇ ਹਨ। ਸੂਬੇ ਵਿੱਚ ਮੋਬਾਈਲ ਡਾਟਾ ਸੇਵਾਵਾਂ ਨੂੰ ਮੰਗਲਵਾਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੇਰਾ ਆਗੂ ਜੋ ਆਪਣੇ ਹਮਾਇਤੀਆਂ ਨੂੰ ਭੜਕਾ ਸਕਦੇ ਹਨ, ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਬੀਤੀ ਰਾਤ ਤੋਂ ਸੂਬੇ ਵਿੱਚ ਕਿਸੇ ਵੀ ਥਾਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।  ਪੰਚਕੂਲਾ ਵਿੱਚ ਕੱਲ੍ਹ ਹੋਈ ਹਿੰਸਾ ਵਿੱਚ ਪੰਜਾਬ ਦੇ ਸੱਤ ਵਿਅਕਤੀ ਮਾਰੇ ਗਏ ਸਨ ਜਿਨ੍ਹਾਂ ਦਾ ਸਸਕਾਰ ਅਮਨ-ਅਮਾਨ ਨਾਲ ਕਰਨ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਹਰਿਆਣਾ ਅਤੇ ਪੰਚਕੂਲਾ ਵਿੱਚ ਹੋਈ ਹਿੰਸਾ 250 ਵਿਅਕਤੀਆਂ ਜ਼ਖਮੀ ਹੋਏ ਸਨ ਜਿਨ੍ਹਾਂ ਵਿੱਚ 45 ਵਿਅਕਤੀ ਪੰਜਾਬ ਦੇ ਹਨ। ਪੰਜਾਬ ਦੇ ਤਿੰਨ ਜ਼ਿਲ੍ਹਿਆਂ ਮੁਕਤਸਰ, ਫਰੀਦਕੋਟ ਅਤੇ ਸੰਗਰੂਰ ਵਿੱਚੋ ਕਰਫਿਊ ਹਟਾ ਦਿੱਤਾ ਦਿਤਾ ਹੈ ਬਾਕੀ ਥਾਵਾਂ ਉੱਤੇ ਢਿੱਲ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਅਧਿਕਾਰੀਆਂ ਨੇ ਸੂਬੇ ਵਿੱਚਲੇ 98 ਨਾਮ ਚਰਚਾ ਘਰਾਂ ਦਾ ਦੌਰਾ ਕੀਤਾ ਹੈ ਅਤੇ ਡਾਗਾਂ, ਪਾਈਪਾਂ, ਰਾਡਾਂ, ਕੁਹਾੜੀਆਂ ਅਤੇ ਪੈਟਰੋਲ ਬੰਬ ਬਰਾਮਦ ਕੀਤੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਬੀਤੇ ਦਿਨ ਦੀ ਹਿੰਸਾ ਵਿੱਚ ਜਾਇਦਾਦ ਦੇ ਹੋਏ ਨੁਕਸਾਨ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਡੇਰਾ ਹਮਾਇਤੀਆਂ ਵੱਲੋਂ ਮੀਡੀਆ ਕਰਮੀਆਂ ਉੱਤੇ ਕੀਤੇ ਗਏ ਹਮਲੇ ਦੀ ਤਿੱਖੀ ਆਲੋਚਨਾ ਕੀਤੀ। ਪੰਚਕੂਲਾ ਵਿੱਚ ਹੋਈ ਹਿੰਸਾ ਬਾਰੇ ਉਨ੍ਹਾਂ ਕਿਹਾ ਕਿ ਭੀੜ ਨੂੰ ਇਕੱਠੇ ਨਹੀਂ ਹੋਣ ਦੇਣਾ ਚਾਹੀਦਾ।