ਪਟਿਆਲਾ, ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਡੇਂਗੂ ਦੇ ਡੰਗ ਦੀ ਮਾਰ ਝੱਲ ਰਹੇ ਸ਼ਾਹੀ ਸ਼ਹਿਰ ਪਟਿਆਲਾ ’ਤੇ ਹੁਣ ਸਵਾਈਨ ਫਲੂ ਦਾ ਖ਼ਤਰਾ ਵੀ ਮੰਡਰਾਉਣ ਲੱਗਾ ਹੈ। ਪੰਜਾਬ ਭਰ ਵਿੱਚੋਂ ਐਤਕੀਂ ਸਵਾਈਨ ਫਲੂ ਨੇ ਪਟਿਆਲਾ ਵਿੱਚ ਹੀ ਦਸਤਕ ਦਿੱਤੀ ਹੈ। ਪੰਜਾਬ ਦੇ ਕਿਸੇ ਹੋਰ ਇਲਾਕੇ ’ਚੋਂ ਸਵਾਈਨ ਫਲੂ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਪਟਿਆਲਾ ਵਿੱਚ ਅਜਿਹੇ ਦੋ ਮਰੀਜ਼ਾਂ ਦੀ ਤਾਂ ਪੁਸ਼ਟੀ ਵੀ ਹੋ ਚੁੱਕੀ ਹੈ ਤੇ ਛੇ ਹੋਰ ਸ਼ੱਕੀ ਮਰੀਜ਼ ਵੀ ਸਾਹਮਣੇ ਆਏ ਹਨ। ਉਂਜ ਸਵਾਈਨ ਫਲੂ ਦੇ ਦੋਵੇਂ ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਉਧਰ ਡੇਂਗੂ ਦੇ ਪੰਜਾਬ ਵਿਚਲੇ 3225 ਮਰੀਜ਼ਾਂ ’ਚੋਂ ਸਭ ਤੋਂ ਵੱਧ 1240 ਮਰੀਜ਼ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ। ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਨਾ ਸਿਰਫ਼ ਛੁੱਟੀਆਂ ਰੱਦ ਕੀਤੀਆਂ ਗਈਆਂ ਹਨ, ਬਲਕਿ ਉਹ ਐਤਵਾਰ ਨੂੰ ਵੀ ਡੇਂਗੂ ਖ਼ਿਲਾਫ਼ ਡਟੇ ਰਹਿੰਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਹੀ ਨਾਭਾ ਖੇਤਰ ’ਚ ਸਵਾਈਨ ਫਲੂ ਦੀ ਲਪੇਟ ਵਿੱਚ ਆਈ ਪੰਜਾਹ ਸਾਲਾ ਮਹਿਲਾ ਪੰਜਾਬ ਦੀ ਪਹਿਲੀ ਡੇਂਗੂ ਮਰੀਜ਼ ਵਜੋਂਂ ਸਾਹਮਣੇ ਆਈ ਸੀ। ਪੰਜਾਬ ਦਾ ਦੂਜਾ ਮਰੀਜ਼ ਵੀ ਪਟਿਆਲਾ ਦੇ ਹੀ ਸ਼ੁਤਰਾਣਾ ਖੇਤਰ ਨਾਲ ਸਬੰਧਤ ਹੈ। ਇਸ ਪੰਜਾਹ ਵਿਅਕਤੀ ਦਾ ਇੱਥੋਂ ਦੇ ਹੀ ਹਸਪਤਾਲ ਵਿੱਚ ਇਲਾਜ ਕੀਤਾ ਗਿਆ, ਜਦਕਿ ਮਹਿਲਾ ਦਾ ਇਲਾਜ ਰਾਜਿੰਦਰਾ ਹਸਪਤਾਲ ’ਚ ਹੋਇਆ। ਹਾਲਤ ਨਾਜ਼ੁਕ ਹੋਣ ਕਾਰਨ ਉਹ ਕਈ ਦਿਨ ਵੈਂਟੀਲੇਟਰ ’ਤੇ ਵੀ ਰਹੀ, ਪਰ ਦੋਵਾਂ ਨੂੰ ਹੁਣ ਛੁੱਟੀ ਮਿਲ ਚੁੱਕੀ ਹੈ। ਸਵਾਈਨ ਫਲੂ ਦੇ ਛੇ ਹੋਰ ਸ਼ੱਕੀ ਮਰੀਜ਼ ਵੀ ਆਏ ਹਨ। ਡਾਕਟਰਾਂ ਮੁਤਾਬਿਕ ਸਵਾਈਨ ਫਲੂ ਦਾ ਪ੍ਰਕੋਪ ਦਸੰਬਰ ਤੋਂ ਮਾਰਚ ਤੱਕ ਰਹਿੰਦਾ ਹੈ, ਪਰ ਇਹ ਮਰੀਜ਼ ਅਗਾਊਂ ਹੀ ਲਪੇਟ ’ਚ ਆ ਗਏ। ਪਿਛਲੇ ਸਾਲ ਸਵਾਈਨ ਫਲੂ ਨਾਲ ਪਟਿਆਲਾ ’ਚ ਪੰਜ ਮੌਤਾਂ ਵੀ ਹੋਈਆਂ ਸਨ। ਸੰਪਰਕ ਕਰਨ ’ਤੇ ਉਕਤ ਦੋਵਾਂ ਮਰੀਜ਼ਾਂ ਨੂੰ ਛੁੱਟੀ ਮਿਲਣ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਸਵਾਈਨ ਫਲੂ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਸਵਾਈਨ ਫਲੂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੈ। ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਵਿਸ਼ੇਸ਼ ਵਾਰਡ ਵੀ ਸਥਾਪਤ ਹੈ। ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਪੀਜੀਆਈ ਚੰਡੀਗੜ੍ਹ ਭੇਜੇ ਜਾਂਦੇ ਹਨ।

ਸਵਾਈਨ ਫਲੂ ਦੇ ਲੱਛਣ ਤੇ ਬਚਾਅ
ਡਾ. ਗੁਰਮੀਤ ਨੇ ਕਿਹਾ ਕਿ ਸਵਾਈਨ ਫਲੂ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਵੇਖਿਆ ਜਾਂਦਾ ਹੈ। ਭਾਗ-ਏ ਵਿੱਚ ਖਾਂਸੀ ਤੇ ਜ਼ੁਕਾਮ ਨਾਲ ਹਲਕਾ ਬੁਖਾਰ ਹੁੰਦਾ ਹੈ। ਇਸ ਦੌਰਾਨ ਚੰਗੀ ਖੁਰਾਕ ਤੇ ਤਰਲ ਪਦਾਰਥਾਂ ਦੀ ਵਧੇਰੇ ਵਰਤੋਂ ਲੋੜੀਂਦੀ ਹੈ। ਭਾਗ-ਬੀ ਵਿਚ ਖਾਂਸੀ ਤੇ ਜ਼ੁਕਾਮ ਨਾਲ ਤੇਜ਼ ਬੁਖਾਰ ਵੀ ਹੁੰਦਾ ਹੈ, ਜਿਸ ਦੌਰਾਨ ਕਈ ਹੋਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਭਾਗ-ਸੀ ਵਿੱਚ ਉਕਤ ਦੋਵਾਂ ਤਰ੍ਹਾਂ ਦੇ ਲੱਛਣਾਂ ਸਮੇਤ ਮਰੀਜ਼ ਨੂੰ ਸਾਹ ਲੈਣ ਵਿੱਚ ਤਕਲੀਫ਼, ਬਲਗਮ ਵਿੱਚ ਖੂਨ, ਉਲਟੀਆਂ ਤੇ ਦਸਤ ਆਦਿ ਦੇ ਲੱਛਣ ਵੀ ਪਾਏ ਜਾਂਦੇ ਹਨ। ਸਵਾਈਨ ਫਲੂ ਦੇ ਮਰੀਜ਼ ਨੂੰ ਮੂੰਹ ਢਕ ਕੇ ਰੱਖਣਾ ਚਾਹੀਦਾ ਹੈ ਤੇ ਦੂਜਿਆਂ ਨੂੰ ਮਰੀਜ਼ ਨਾਲ ਹੱਥ ਮਿਲਾਉਣ ਅਤੇ ਗਲੇ ਮਿਲਣ ਆਦਿ ਤੋਂ ਗੁਰੇਜ਼ ਕਰਨ ਦੀ ਲੋੜ ਹੁੰਦੀ ਹੈ।