ਬਠਿੰਡਾ: ਬਠਿੰਡਾ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਭਜਾਉਣ ਲਈ ਵੱਡੀ ਗਿਣਤੀ ਵਿੱਚ ਅੱਥਰੂ ਗੈਸ ਦੇ ਗੋਲੇ ਛੱਡੇ। ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਦੇ ਵਰਕਰ ਅਤੇ ਆਗੂ ਬਠਿੰਡਾ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨ ਲਈ ਪਿੰਡ ਜੀਉਂਦ ਵਿੱਚ ਇਕੱਠੇ ਹੋ ਰਹੇ ਸਨ। ਇਸ ਦੀ ਸੂਚਨਾ ਪੁਲਿਸ ਨੂੰ ਮਿਲਦਿਆਂ ਹੀ ਵੱਡੀ ਗਿਣਤੀ ਪੁਲਿਸ ਫੋਰਸ ਨੇ ਪਿੰਡ ਨੂੰ ਘੇਰ ਲਿਆ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਵੀ ਹੋਈ, ਜਿਸ ਵਿੱਚ ਕੁਝ ਕਿਸਾਨਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਵੱਡੀ ਗਿਣਤੀ ਵਿੱਚ ਅੱਥਰੂ ਗੈਸ ਦੇ ਗੋਲੇ ਛੱਡੇ ਹਨ।

ਪੁਲਿਸ ਕਿਸਾਨਾਂ ਨੂੰ ਕਿਸੇ ਵੀ ਹਾਲਤ ਵਿੱਚ ਬਠਿੰਡਾ ਪੁੱਜਣ ਤੋਂ ਰੋਕਣ ’ਤੇ ਅੜੀ ਹੋਈ ਹੈ, ਜਦੋਂਕਿ ਦੂਜੇ ਪਾਸੇ ਕਿਸਾਨ ਕਿਸੇ ਵੀ ਕੀਮਤ ’ਤੇ ਬਠਿੰਡਾ ਪੁੱਜਣ ’ਤੇ ਅੜੇ ਹੋਏ ਹਨ। ਕਿਸਾਨਾਂ ਨੂੰ ਬਠਿੰਡਾ ਆਉਣ ਤੋਂ ਰੋਕਣ ਲਈ ਪੁਲਿਸ ਨੇ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ।

ਕਿਸਾਨਾਂ ਦੇ ਧਰਨੇ ਨੂੰ ਰੋਕਣ ਲਈ ਇੱਕ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਚੌਕੀਆਂ ’ਤੇ ਤਾਇਨਾਤ ਹਨ। ਕਾਂਸਟੇਬਲ ਤੋਂ ਲੈ ਕੇ ਡੀਆਈਜੀ ਤੱਕ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਜ਼ਮੀਨ ’ਤੇ ਖੜ੍ਹੇ ਹਨ।

ਉਧਰ ਹਾਈਵੇ ਜਾਮ ਹੋਣ ਕਾਰਨ ਪੁਲਿਸ ਨੇ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੇ ਟ੍ਰੈਫਿਕ ਨੂੰ ਪਿੰਡਾਂ ਦੇ ਰਸਤਿਆਂ ਰਾਹੀਂ ਡਾਇਵਰਟ ਕੀਤਾ ਗਿਆ ਹੈ। ਇਸੇ ਦੌਰਾਨ ਬਠਿੰਡਾ ਆ ਰਹੇ ਕਿਸਾਨਾਂ ਨਾਲ ਪਟਿਆਲਾ ਦੇ ਸਮਾਣਾ ਵਿੱਚ ਪੁਲਿਸ ਨਾਲ ਝੜਪ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਡਿਟੇਨ ਕੀਤਾ ਹੈ । ਇਸ ਤੋਂ ਇਲਾਵਾ ਸੰਗਰੂਰ ਦੇ ਪਿੰਡ ਸ਼ੇਰੋਂ ਵਿੱਚ ਵੀ ਕਿਸਾਨਾਂ ਵਿਚਕਾਰ ਧੱਕਾ-ਮੁੱਕੀ ਹੋਈ। ਜਿਸ ਤੋਂ ਬਾਅਦ ਕਈ ਕਿਸਾਨ ਹਿਰਾਸਤ ਵਿੱਚ ਲਏ ਗਏ ਹਨ।