ਮੁੰਬਈ, 21 ਅਕਤੂਬਰ
ਬੌਲੀਵੁੱਡ ਅਦਾਕਾਰਾ ਕਾਜੋਲ ਦਾ ਕਹਿਣਾ ਹੈ ਕਿ ਜਦੋਂ ਊਹ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਟੀਮ ਦਾ ਮੰਨਣਾ ਸੀ ਕਿ ਊਹ ‘ਵਧੀਆ’ ਫਿਲਮ ਬਣਾ ਰਹੇ ਹਨ, ਪ੍ਰੰਤੂ ਊਨ੍ਹਾਂ ਇਹ ਕਦੇ ਨਹੀਂ ਸੋਚਿਆ ਸੀ ਕਿ ਇਹ ਫਿਲਮ ਪੌਪ ਸਭਿਆਚਾਰ ’ਤੇ ਸਦੀਵੀ ਅਸਰ ਛੱਡ ਜਾਵੇਗੀ।
‘ਡੀਡੀਐੱਲਜੇ’ ਵਜੋਂ ਜਾਣੀ ਜਾਂਦੀ ਇਸ ਫਿਲਮ ਦੀ ਰਿਲੀਜ਼ ਨੂੰ ਅੱਜ 25 ਵਰ੍ਹੇ ਹੋ ਗਏ ਹਨ। ਅਦਾਕਾਰਾ ਦਾ ਕਹਿਣਾ ਹੈ ਕਿ ਊਸ ਦੇ ਕਿਰਦਾਰ ਸਿਮਰਨ ਅਤੇ ਸ਼ਾਹਰੁਖ਼ ਖ਼ਾਨ ਦੇ ਕਿਰਦਾਰ ਰਾਜ ਵਿਚਾਲੇ ਰੋਮਾਂਸ ਇਸ ਫਿਲਮ ਨੂੰ ਸਮਾਂ ਸੀਮਾ ਤੋਂ ਪਾਰ ਲਿਜਾਂਦਾ ਹੈ। ਪ੍ਰੋਡੱਕਸ਼ਨ ਬੈਨਰ ਯਸ਼ ਰਾਜ ਫਿਲਮਜ਼ ਨਾਲ ਸਾਂਝੇ ਤੌਰ ’ਤੇ ਜਾਰੀ ਬਿਆਨ ਵਿੱਚ ਕਾਜੋਲ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ‘ਡੀਡੀਐੱਲਜੇ’ ਸਦੀਵੀ ਹੈ ਕਿਉਂਕਿ ਹਰ ਕੋਈ ਕਿਤੇ ਨਾ ਕਿਤੇ ਸਿਮਰਨ ਅਤੇ ਰਾਜ ਵਿਚੋਂ ਆਪਣੇ-ਆਪ ਨੂੰ ਦੇਖਦਾ ਹੈ। ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਹ ਦੋਵੇਂ ਕਿਰਦਾਰ ਬੇਹੱਦ ਪਸੰਦ ਹਨ! ਊਨ੍ਹਾਂ ਨੇ ਹੁਣ ਤੱਕ ਇਨ੍ਹਾਂ ਕਿਰਦਾਰਾਂ ਨੂੰ ਵਰ੍ਹਿਆਂ ਤੱਕ ਪਸੰਦ ਕੀਤਾ ਹੈ ਅਤੇ ਇਹ ਅਜਿਹੀਆਂ ਚੀਜ਼ਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਪਸੰਦ ਕਰਦੇ ਹੋ ਅਤੇ ਆਸ ਹੈ ਕਿ ਅੱਗੇ ਨੂੰ ਵੀ ਪਸੰਦ ਕਰਦੇ ਰਹੋਗੇ।’’ 46 ਵਰ੍ਹਿਆਂ ਦੀ ਅਦਾਕਾਰਾ ਨੇ ਕਿਹਾ ਕਿ ਸ਼ੁਰੂ ਵਿੱਚ ਊਸ ਨੂੰ ਸਿਮਰਨ ਦਾ ਕਿਰਦਾਰ ਥੋੜ੍ਹਾ ‘ਅਕਾਊ’ ਲੱਗਿਆ ਸੀ, ਪਰ ਹੌਲੀ-ਹੌਲੀ ਊਸ ਨੂੰ ਕਿਰਦਾਰ ਦੀ ਸਮਝ ਆ ਗਈ ਸੀ। ਇਹ ਫਿਲਮ ਨਿਰਦੇਸ਼ਕ ਵਜੋਂ ਆਦਿੱਤਿਆ ਚੋਪੜਾ ਦੀ ਪਹਿਲੀ ਫਿਲਮ ਸੀ ਅਤੇ ਇਸ ਦਾ ਨਿਰਮਾਣ ਸੀਨੀਅਰ ਫਿਲਮਸਾਜ਼ ਯਸ਼ ਚੋਪੜਾ ਨੇ ਕੀਤਾ ਸੀ।