ਨਵੀਂ ਦਿੱਲੀ, 11 ਜਨਵਰੀ
ਸਰਕਾਰ ਨੇ ਅੱਜ ਰੂਪੇਅ ਡੈਬਿਟ ਕਾਰਡ ਅਤੇ ਭੀਮ-ਯੂਪੀਆਈ (ਯੂਨੀਫਾਈਡ ਪੇਅਮੈਂਟ ਇੰਟਰਫੇਸ) ਰਾਹੀਂ ਘੱਟ ਰਕਮ ਦੇ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ 2600 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇੱਕ ਅਧਿਕਾਰਿਤ ਬਿਆਨ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ (ਸੀਸੀਈਏ) ਨੇ ਇਹ ਫ਼ੈਸਲਾ ਕੀਤਾ ਹੈ। ਯੋਜਨਾ ਤਹਿਤ, ਬੈਂਕਾਂ ਨੂੰ ਮੌਜੂਦਾ ਵਿੱਤੀ ਸਾਲ ਵਿੱਚ ਰੂਪੇਅ ਅਤੇ ਯੂਪੀਆਈ ਦੀ ਵਰਤੋਂ ਕਰ ਕੇ ‘ਪੁਆਇੰਟ ਆਫ ਸੇਲ’ (ਪੀਓਐੱਸ) ਯਾਨੀ ਦੁਕਾਨਾਂ ’ਤੇ ਲੱਗੀ ਭੁਗਤਾਨ ਮਸ਼ੀਨ ਅਤੇ ਈ-ਕਾਮਰਸ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ।