ਜਲੰਧਰ : ਬੀਤੇ ਦਿਨ ‘ਆਪ’ ਮੰਤਰੀ ਡਾ. ਰਵਜੋਤ ਸਿੰਘ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈਆਂ। ਮੰਤਰੀ ਡਾ. ਰਵਜੋਤ ਸਿੰਘ ਨੇ ਸ਼ੋ੍ਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਹੁਸ਼ਿਆਰਪੁਰ ਦੇ ਸ਼ਾਮਚੁਰਾਸੀ ਹਲਕੇ ਦੇ ਵਿਧਾਇਕ ਡਾ. ਰਵਜੋਤ ਸਿੰਘ ਨੇ ਬੁੱਧਵਾਰ ਨੂੰ ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਜੀਠੀਆ ਨੇ ਔਰਤਾਂ ਦਾ ਅਪਮਾਨ ਕੀਤਾ ਹੈ। ਇਹ ਬਹੁਤ ਹੀ ਘਟੀਆ ਰਾਜਨੀਤੀ ਹੈ। ਰਾਜਨੀਤੀ ਮੁੱਦਿਆਂ ’ਤੇ ਹੋਣੀ ਚਾਹੀਦੀ ਹੈ ਪਰ ਮਜੀਠੀਆ ਹਮੇਸ਼ਾ ਦੂਜੇ ਨੇਤਾਵਾਂ ਦੇ ਨਿੱਜੀ ਜੀਵਨ ’ਤੇ ਰਾਜਨੀਤੀ ਕਰਦੇ ਰਹੇ ਹਨ। ਉਨ੍ਹਾਂ ਨੇ ਫੋਟੋ ਵਾਇਰਲ ਕਰਨ ਦੇ ਸਮੇਂ ’ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਰਹੀ ਹੈ, ਇਸੇ ਬੁਖਲਾਹਟ ਵਿਚ ਮਜੀਠੀਆ ਨੇ ਇਹ ਫੋਟੋ ਚੋਣ ਤੋਂ ਦੋ ਦਿਨ ਪਹਿਲਾਂ ਵਾਇਰਲ ਕੀਤੀ।

ਡਾ. ਰਵਜੋਤ ਨੇ ਕਿਹਾ ਕਿ ਜੋ ਫੋਟੋਆਂ ਵਾਇਰਲ ਕੀਤੀਆਂ ਗਈਆਂ ਹਨ, ਉਹ ਉਨ੍ਹਾਂ ਦੀ ਸਾਬਕਾ ਪਤਨੀ ਦੀਆਂ ਹਨ। ਇਹ ਫੋਟੋਆਂ 8-10 ਸਾਲ ਪੁਰਾਣੀਆਂ ਹਨ। ਹੁਣ ਉਨ੍ਹਾਂ ਦਾ ਪਤਨੀ ਨਾਲ ਤਲਾਕ ਹੋ ਚੁੱਕਾ ਹੈ। ਅੱਜ-ਕੱਲ੍ਹ ਇੰਟਰਨੈੱਟ ’ਤੇ ਜੋ ਏਆਈ ਟੂਲਜ਼ ਚੱਲ ਰਹੇ ਹਨ, ਦੀ ਮਦਦ ਨਾਲ ਔਰਤ ਦੀ ਫੋਟੋ ਉਨ੍ਹਾਂ ਨਾਲ ਜੋੜੀ ਗਈ ਹੈ। ਇਹ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਇਹ ਫੋਟੋਆਂ ਉਨ੍ਹਾਂ ਦੇ ਮੋਬਾਈਲ ਵਿਚ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚਾਰ ਵਿਆਹ ਹੋਏ ਹਨ ਪਰ ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਹੈ।

ਡਾ. ਰਵਜੋਤ ਨੇ ਕਿਹਾ ਕਿ ਮਜੀਠੀਆ ਹਮੇਸ਼ਾ ਹੀ ਦਲਿਤ ਨੇਤਾਵਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਪਹਿਲਾਂ ਉਨ੍ਹਾਂ ਨੇ ਮੰਤਰੀ ਲਾਲਚੰਦ ਕਟਾਰੂਚੱਕ ਅਤੇ ਫਿਰ ਬਲਕਾਰ ਸਿੰਘ ਨੂੰ ਨਿਸ਼ਾਨਾ ਬਣਾਇਆ ਅਤੇ ਹੁਣ ਉਹ ਉਨ੍ਹਾਂ ’ਤੇ ਦੋਸ਼ ਲਗਾ ਰਹੇ ਹਨ। ਉਹ ਦਲਿਤ ਅਤੇ ਕਮਜ਼ੋਰ ਪਰਿਵਾਰਾਂ ’ਚੋਂ ਅੱਗੇ ਆਉਣ ਵਾਲੇ ਨੇਤਿਆਂ ਨੂੰ ਦੇਖਣਾ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਉਹ ਦਲਿਤ ਹਨ, ਇਸੇ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਡਾ. ਰਵਜੋਤ ਨੇ ਕਿਹਾ ਕਿ ਜੋ ਫੋਟੋਆਂ ਇੰਟਰਨੈੱਟ ’ਤੇ ਸ਼ੇਅਰ ਕੀਤੀਆਂ ਗਈਆਂ ਹਨ, ਉਹ ਸਭ ਤੋਂ ਪਹਿਲਾਂ ਅਸ਼ੋਕ ਨੰਗਲਾਈ ਦੇ ਖਾਤੇ ਤੋਂ ਵਾਇਰਲ ਕੀਤੀਆਂ ਗਈਆਂ ਹਨ। ਅਸ਼ੋਕ ਨੰਗਲਾਈ 2017 ਵਿਚ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਦਾ ਆਬਜ਼ਰਵਰ ਰਹਿ ਚੁੱਕਾ ਹੈ। ਇਹ ਸਾਫ਼ ਹੈ ਕਿ ਪਾਰਟੀ ਦੇ ਸਾਬਕਾ ਆਗੂ ਇਸ ਵਿਚ ਸ਼ਾਮਲ ਹਨ। ਪੁਲਿਸ ਜਾਂਚ ਕਰ ਰਹੀ ਹੈ ਅਤੇ ਜੋ ਵੀ ਇਸ ਵਿਚ ਸ਼ਾਮਲ ਹੋਵੇਗਾ, ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਮਜੀਠੀਆ ਨੂੰ ਹੁਣ ਕਿਸੇ ਹੋਰ ਦੀ ਨਿੱਜੀ ਜ਼ਿੰਦਗੀ ਵਿਚ ਦਖ਼ਲ ਨਹੀਂ ਦੇਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ ਉਨ੍ਹਾਂ ਦੀ ਗੱਲ ਨਹੀਂ, ਸਗੋਂ ਇਕ ਔਰਤ ਦਾ ਵੀ ਅਪਮਾਨ ਕੀਤਾ ਗਿਆ ਹੈ। ਉਕਤ ਔਰਤ ਦੇ ਪਰਿਵਾਰ ’ਤੇ ਕੀ ਬੀਤ ਰਹੀ ਹੋਵੇਗੀ, ਇਹ ਉਹੀ ਜਾਣਦੇ ਹਨ। ਉਨ੍ਹਾਂ ਦੀ ਪਤਨੀ ਦੁਖੀ ਹੈ, ਛੋਟੇ ਬੱਚੇ ਦੇ ਮਨ ’ਤੇ ਕੀ ਬੀਤ ਰਹੀ ਹੋਵੇਗੀ। ਪਤਨੀ ਤਾਂ ਸਫਾਈ ਦੇਣ ਲਈ ਉਨ੍ਹਾਂ ਨੂੰ ਆਉਣ ਵੀ ਨਹੀਂ ਦੇਣਾ ਚਾਹੁੰਦੀ ਸੀ। ਰਾਜਨੀਤੀ ਇਸ ਹੱਦ ਤੱਕ ਗਰਕ ਗਈ ਹੈ ਕਿ ਹੁਣ ਲੋਕਾਂ ਦੇ ਬੈੱਡਰੂਮ ਤੱਕ ਘੁਸਪੈਠ ਹੋ ਰਹੀ ਹੈ।