ਬਠਿੰਡਾ, ਨਵੰਬਰ 2

ਪ੍ਰਸਿੱਧ ਵਿਦਵਾਨ ਅਤੇ ਖੋਜਕਰਤਾ ਡਾ. ਬੂਟਾ ਸਿੰਘ ਸਿੱਧੂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਨਵੇਂ ਵਾਈਸ-ਚਾਂਸਲਰ ਵਜੋਂ ਅੱਜ ਇਥੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਅਹੁਦਾ ਸੰਭਾਲਿਆ।

ਪੰਜਾਬ ਦੇ ਰਾਜਪਾਲ ਨੇ ਐਤਵਾਰ ਨੂੰ ਡਾ. ਬੂਟਾ ਸਿੰਘ ਸਿੱਧੂ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਉਪ-ਕੁਲਪਤੀ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਸੀ। ਉਹ ਯੂਨੀਵਰਸਿਟੀ ਦੇ ਬੋਰਡ ਆਫ਼ ਗਵਰਨਰਜ਼ (ਬੀ.ਓ.ਜੀ.) ਦੁਆਰਾ ਪ੍ਰਵਾਨਿਤ ਤਿੰਨ ਉਮੀਦਵਾਰਾਂ ਦੇ ਪੈਨਲ ਵਿਚ ਸ਼ਾਮਿਲ ਸਨ। ਇਸ ਤੋਂ ਪਹਿਲਾਂ, ਉਹ ਐਮ.ਆਰ.ਐਸ.ਪੀ.ਟੀ.ਯੂ. ਦੇ ਡੀਨ, ਯੋਜਨਾਬੰਦੀ ਅਤੇ ਵਿਕਾਸ ਅਤੇ ਕਾਰਜਕਾਰੀ ਰਜਿਸਟਰਾਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ।

ਜ਼ਿਕਰਯੋਗ ਹੈ ਕਿ ਐਮ.ਆਰ.ਐਸ.ਪੀ.ਟੀ.ਯੂ. ਸੂਬੇ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਸਰਕਾਰੀ ਟੈਕਨੀਕਲ ਯੂਨੀਵਰਸਿਟੀ ਹੈ, ਜਿਸਨੇ ਥੋੜੇ ਅਰਸੇ ਦੌਰਾਨ ਹੀ ਆਪਣੀ ਨਵੇਕਲੀ ਪਛਾਣ ਬਣਾਈ ਹੈ ਅਤੇ ਇਹ ਯੂਨੀਵਰਸਿਟੀ ਮਾਲਵਾ ਖੇਤਰ ਲਈ ਵਰਦਾਨ ਸਿੱਧ ਹੋ ਰਹੀ ਹੈ।

ਡਾ. ਸਿੱਧੂ ਨੇ ਯੂਨੀਵਰਸਿਟੀ ਦੇ ਬਾਨੀ ਉਪ ਕੁਲਪਤੀ ਪ੍ਰੋ. (ਡਾ.) ਮੋਹਨ ਪਾਲ ਸਿੰਘ ਈਸ਼ਰ ਤੋਂ ਚਾਰਜ ਸੰਭਾਲਿਆ, ਜਿਨ੍ਹਾਂ ਨੇ ਲਗਭਗ 5½ ਸਾਲ ਤੋਂ ਉਪਰ ਯੂਨੀਵਰਸਿਟੀ ਦੇ ਵੀ.ਸੀ. ਵਜੋਂ ਸੇਵਾਵਾਂ ਨਿਭਾਈਆਂ। ਡਾ. ਸਿੱਧੂ ਡੂੰਘੀ ਵਚਨਬੱਧਤਾ, ਪੂਰੀ ਲਗਨ, ਇਮਾਨਦਾਰੀ ਅਤੇ ਸੁਹਿਰਦਤਾ ਦੀ ਭਾਵਨਾ ਨਾਲ ਕੰਮ ਕਰਨ ਲਈ ਜਾਣੇ ਜਾਂਦੇ ਹਨ।

ਚਾਰਜ ਸੰਭਾਲਣ ਤੋਂ ਬਾਅਦ, ਆਪਣੀਆਂ ਤਰਜੀਹਾਂ ਨੂੰ ਦਰਸਾਉਂਦੇ ਹੋਏ, ਡਾ. ਸਿੱਧੂ ਨੇ ਯੂਨੀਵਰਸਿਟੀ ਨੂੰ ਅਕਾਦਮਿਕ ਅਤੇ ਖੋਜ ਵਿਚ ਇਕ ਉੱਤਮ ਸੰਸਥਾ ਦੇ ਤੌਰ’ ਤੇ ਵਿਕਸਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਮਾਣਯੋਗ ਰਾਜਪਾਲ, ਪੰਜਾਬ, ਸ਼੍ਰੀ ਵੀ.ਪੀ. ਸਿੰਘ ਬਦਨੌਰ, ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਸਭਿਆਚਾਰਕ ਮਾਮਲੇ, ਮੰਤਰੀ, ਸ੍ਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ,ਪੰਜਾਬ ਦੇ ਮੁੱਖ ਸਕੱਤਰ, ਸ੍ਰੀਮਤੀ ਵਿਨੀ ਮਹਾਜਨ ਅਤੇ ਪ੍ਰਮੁੱਖ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਸ੍ਰੀ ਅਨੁਰਾਗ ਵਰਮਾ, ਆਈ.ਏ.ਐੱਸ. ਵਲੋਂ ਉਹਨਾਂ ਨੂੰ ਉਪ ਕੁਲਪਤੀ ਦੇ ਵੱਕਾਰੀ ਅਹੁਦੇ ਦੀ ਜ਼ਿੰਮੇਵਾਰੀ ਦੇਣ ਅਤੇ ਵਿਸ਼ਵਾਸ ਪ੍ਰਗਟ ਕਰਨ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਯੂਨੀਵਰਸਿਟੀ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਦਾ ਭਰੋਸਾ ਦਿੱਤਾ।
ਆਈ.ਕੇ.ਜੀ.ਪੀ.ਟੀ.ਯੂ., ਜਲੰਧਰ, ਐਮ.ਆਰ.ਐੱਸ.ਪੀ.ਟੀ.ਯੂ., ਬਠਿੰਡਾ, ਵੱਖ-ਵੱਖ ਤਕਨੀਕੀ ਸੰਸਥਾਵਾਂ / ਯੂਨੀਵਰਸਿਟੀਆਂ ਵਿੱਚ 28 ਸਾਲਾਂ ਤੋਂ ਵੱਧ ਸਮੇਂ ਦੇ ਅਧਿਆਪਨ, ਖੋਜ ਅਤੇ ਪ੍ਰਬੰਧਕੀ ਤਜ਼ਰਬਾ ਹਾਸਿਲ ਕਰਨ ਵਾਲੇ ਡਾ. ਸਿੱਧੂ ਨੇ ਪ੍ਰਸਿੱਧ ਆਈ.ਆਈ.ਟੀ., ਰੁੜਕੀ ਤੋਂ ਇੰਜੀਨੀਅਰਿੰਗ ਵਿੱਚ ਪੀ.ਐਚ.ਡੀ ਕੀਤੀ ਹੋਈ ਹੈ। ਆਪਣੇ ਵੱਖ-ਵੱਖ ਕਾਰਜਕਾਲਾਂ ਦੌਰਾਨ, ਉਹ ਇੱਕ ਚੰਗੇ ਪ੍ਰਸ਼ਾਸਕ ਵਜੋਂ ਉੱਭਰੇ ਅਤੇ ਵਿੱਦਿਅਕ ਖੇਤਰ ਵਿੱਚ ਨਵੀਂਆਂ ਪਹਿਲਕਦਮੀਆਂ ਕੀਤੀਆਂ । ਉਹਨਾਂ ਨੇ ਤਕਨੀਕੀ ਸਿੱਖਿਆ ਦੇ ਨਵੀਨੀਕਰਨ, ਖੋਜ ਅਤੇ ਵਿਕਾਸ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਨਿਵੇਕਲੀਆਂ ਯੋਜਨਾਵਾਂ ਸ਼ੁਰੂ ਕਰਕੇ ਮਹੱਤਵਪੂਰਨ ਰੋਲ ਅਦਾ ਕਰਦਿਆਂ ਕਰਕੇ ਵਿਸ਼ੇਸ਼ ਪਹਿਚਾਣ ਬਣਾਈ ਹੈ।

ਖੋਜ-ਕਾਰਜਾਂ ਦੇ ਵਿਸ਼ੇ ‘ਤੇ, ਡਾ. ਸਿੱਧੂ ਨੇ ਕਿਫਾਈਤੀ ਊਰਜਾ ਦੇ ਉਤਪਾਦਨ ਅਤੇ ਉੱਚ ਤਾਪਮਾਨ ਵਾਲੀਆਂ ਸਮੱਗਰੀਆਂ ਲਈ ਸਤਹ ਦੀ ਕੋਟਿੰਗਾਂ ਦੇ ਵਿਕਾਸ ਦੇ ਖੇਤਰ ਵਿਚ 170 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਹਨ। ਡਾ. ਸਿੱਧੂ ਨੇ ਇੱਕ ਖੋਜਕਰਤਾ ਵਜੋਂ ਆਪਣੇ ਖੋਜ-ਕਾਰਜਾਂ ਸਬੰਧੀ ਚਾਰ ਪੇਟੈਂਟ ਦਾਖਲ ਕੀਤੇ ਹਨ ਅਤੇ ਕਈ ਕਿਤਾਬਾਂ ਲਿਖੀਆਂ ਹਨ। ਇਸ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਵੱਖ-ਵੱਖ ਪ੍ਰਾਪਤੀਆਂ ਲਈ ਪੁਰਸਕਾਰ ਜਿੱਤੇ ਹਨ।

ਉਹਨਾਂ ਨੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮਹੱਤਵਪੂਰਣ ਅਹੁਦਿਆਂ ਤੇ ਕੰਮ ਕਰਦਿਆਂ, ਵਿਸ਼ਵ ਦੀਆਂ ਨਾਮੀ ਯੂਨੀਵਰਸਿਟੀਆਂ ਨਾਲ ਅਕਾਦਮਿਕ, ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ ਤਹਿਤ ਸਹਿਯੋਗ ਅਤੇ ਸਾਂਝੇ ਪ੍ਰੋਗਰਾਮਾਂ ਲਈ ਅਹਿਮ ਸਮਝੋਤੇ ਕੀਤੇ ਹਨ। ਇਹਨਾਂ ਯੂਨੀਵਰਸਿਟੀਆਂ ਵਿਚ ਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਕਰੂਜ਼ ਕੈਂਪਸ, ਯੂ.ਐਸ.ਏ.; ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ; ਸੈਨ ਜੋਸ ਦੀ ਸਟੇਟ ਯੂਨੀਵਰਸਿਟੀ; ਫਰੇਜ਼ਰ ਵੈਲੀ ਯੂਨੀਵਰਸਿਟੀ, ਕੈਨੇਡਾ; ਬਰਾਕ ਯੂਨੀਵਰਸਿਟੀ, ਕੈਨੇਡਾ; ਮੈਕਗਿੱਲ ਯੂਨੀਵਰਸਿਟੀ, ਕੈਨੇਡਾ, ਟੋਰਾਂਟੋ ਯੂਨੀਵਰਸਿਟੀ ਅਤੇ ਥਾਮਪਸਨ ਰਿਵਰਜ਼ ਯੂਨੀਵਰਸਿਟੀ ਆਫ ਕੈਨੇਡਾ ਵਰਗੀਆਂ ਦੁਨੀਆ ਦੀਆਂ ਮਹਾਨ ਯੂਨੀਵਰਸਿਟੀਆਂ ਸ਼ਾਮਿਲ ਹਨ।

ਯੂਨੀਵਰਸਿਟੀ ਦੇ ਸੀਨੀਅਰ ਫੈਕਲਟੀ ਮੈਂਬਰਾਂ, ਡੀਨਜ਼ ਅਤੇ ਡਾਇਰੈਕਟਰਾਂ ਨੇ ਡਾ. ਸਿੱਧੂ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿਂਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਤਹਿ ਦਿਲੋਂ ਸਵਾਗਤ ਕੀਤਾ।