ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਗਣਤੰਤਰ ਦਿਵਸ ਦੇ ਮੌਕੇ ‘ਤੇ ਇੱਕ ਨੌਜਵਾਨ ਨੇ ਡਾ.ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ। ਹੁਣ ਇਹ ਮਾਮਲਾ ਕਾਫੀ ਭਖ ਗਿਆ ਹੈ। ਇਸ ਮਾਮਲੇ ਮਗਰੋਂ ਹੁਣ ਵਾਲਮੀਕਿ ਸਮਾਜ ਵੱਲੋਂ 6 ਥਾਵਾਂ ’ਤੇ ਬੰਦ ਦੀ ਕਾਲ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ 6 ਜ਼ਿਲ੍ਹੇ ਜਲੰਧਰ, ਲੁਧਿਆਣਾ, ਫਗਵਾੜਾ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਮੋਗਾ ਅੱਜ ਸਵੇਰ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।

ਜਲੰਧਰ ਜ਼ਿਲ੍ਹੇ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਨੇ ਬੰਦ ਦਾ ਸਮਰਥਨ ਕੀਤਾ ਹੈ। ਮੈਡੀਕਲ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਦੇਣ ਜਾ ਰਹੇ ਵਿਦਿਆਰਥੀਆਂ ਲਈ ਸਹੂਲਤਾਂ ਸਮੇਤ ਹੋਰ ਐਮਰਜੈਂਸੀ ਸਹੂਲਤਾਂ ਚਾਲੂ ਰਹਿਣਗੀਆਂ। ਸਰਕਾਰੀ ਬੱਸਾਂ, ਸਰਕਾਰੀ ਦਫ਼ਤਰ ਅਤੇ ਸੇਵਾ ਕੇਂਦਰ ਚੱਲਣਗੇ। ਜਲੰਧਰ ਵਿੱਚ ਸਭ ਤੋਂ ਵੱਡੇ ਪ੍ਰਦਰਸ਼ਨ ਭਗਵਾਨ ਵਾਲਮੀਕਿ ਮਹਾਰਾਜ ਚੌਕ (ਜੋਤੀ ਚੌਕ), ​​ਡਾ. ਬੀ.ਆਰ. ਅੰਬੇਡਕਰ ਚੌਕ (ਨਕੋਦਰ ਚੌਕ) ਅਤੇ ਸ਼੍ਰੀ ਗੁਰੂ ਰਵਿਦਾਸ ਚੌਕ ਵਿਖੇ ਹੋਣਗੇ।

ਜਲੰਧਰ ਵਿੱਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਮੰਗਲਵਾਰ ਨੂੰ ਜਲੰਧਰ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਫਗਵਾੜਾ ਵਿੱਚ ਵੀ ਬੰਦ ਦਾ ਸੱਦਾ ਦਿੱਤਾ ਗਿਆ ਹੈ। ਮੂਰਤੀ ਤੋੜਨ ਦੀ ਕੋਸ਼ਿਸ਼ ਤੋਂ ਬਾਅਦ ਰਵਿਦਾਸ ਭਾਈਚਾਰੇ ਵਿੱਚ ਬਹੁਤ ਗੁੱਸਾ ਹੈ। ਰਵਿਦਾਸ ਭਾਈਚਾਰੇ ਦੇ ਆਗੂਆਂ ਨੇ ਅੰਮ੍ਰਿਤਸਰ ਵਿੱਚ ਵਾਪਰੀ ਘਟਨਾ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਭਾਈਚਾਰੇ ਨੇ ਕਿਹਾ ਕਿ ਜਿਸ ਨੌਜਵਾਨ ਨੇ ਇਹ ਕਾਰਾ ਕੀਤਾ ਹੈ ਉਸ ਉੱਤੇ ਦੇਸ਼ ਧ੍ਰੋਹ ਦੀ ਧਾਰਾ ਲਗਾਉਣੀ ਚਾਹੀਦੀ ਹੈ।