ਉਦਯੋਗਿਕ ਸੰਪਰਕ ਬੋਰਡ ਦੇ ਦਖਲ ਮਗਰੋਂ ਗੱਲਬਾਤ ਵਿਚ ਆਈ ਖੜੋਤ ਟੁੱਟੀ
ਵੈਨਕੂਵਰ  : ਪਿਛਲੇ ਇੱਕ ਮਹੀਨੇ ਤੋਂ ਹੜਤਾਲ ’ਤੇ ਗਏ ਕੈਨੇਡਾ ਪੋਸਟ (ਡਾਕ ਵਿਭਾਗ) ਦੇ 55 ਹਜ਼ਾਰ ਕਾਮੇ ਮੰਗਲਵਾਰ ਸਵੇਰੇ 8 ਵਜੇ ਤੋਂ ਕੰਮਾਂ ’ਤੇ ਪਰਤ ਆਉਂਗੇ। ਕਰਾਊਨ ਕਾਰਪੋਰੇਸ਼ਨ ਨੇ ਕਿਹਾ ਕਿ ਹੜਤਾਲੀ ਮੁਲਾਜ਼ਮਾਂ ਤੇ ਕੈਨੇਡਾ ਪੋਸਟ ਵਿੱਚ ਸੁਲ੍ਹਾ-ਸਫਾਈ ਲਈ ਚੱਲ ਰਹੀ ਗੱਲਬਾਤ ਵਿੱਚ ਖੜੋਤ ਆਉਣ ਮਗਰੋਂ ਕੈਨੇਡਾ ਉਦਯੋਗਿਕ ਸੰਪਰਕ ਬੋਰਡ ਦੇ ਦਖਲ ਤੋਂ ਬਾਅਦ ਕਰਮਚਾਰੀ ਮੰਗਲਵਾਰ ਤੋਂ ਆਪਣੇ ਕੰਮਾਂ ’ਤੇ ਵਾਪਸ ਆ ਜਾਣਗੇ। ਕੈਨੇਡਾ ਪੋਸਟ ਨੇ ਕਿਹਾ ਕਿ ਸ਼ਨਿੱਚਰਵਾਰ ਦੀ ਸੁਣਵਾਈ ਤੋਂ ਬਾਅਦ, ਕੈਨੇਡਾ ਉਦਯੋਗਿਕ ਸੰਪਰਕ ਬੋਰਡ ਨੇ ਕੇਂਦਰੀ ਕਿਰਤ ਮੰਤਰੀ ਸਟੀਵਨ ਮੈਕਕਿਨਨ ਵੱਲੋਂ ਦਿੱਤੇ ਸੁਝਾਅ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਮੈਕਕਿਨਨ ਨੇ ਕਿਹਾ ਸੀ ਕਿ ਕੈਨੇਡੀਅਨ ਕਰਾਊਨ ਕਾਰਪੋਰੇਸ਼ਨ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਆਪੋ ਆਪਣੀ ਥਾਂ ਬਜ਼ਿੱਦ ਹੋਣ ਕਾਰਣ ਸਮਝੌਤੇ ਦੀਆਂ ਸੰਭਾਵਨਾਵਾਂ ਮੱਧਮ ਹੋਣ ਕਰਕੇ ਦੋਹਾਂ ਵਿੱਚ ਸਾਲ ਦੇ ਅੰਤ ਤੱਕ ਸਮਝੌਤੇ ਦੀ ਸੰਭਾਵਨਾ ਨਹੀਂ ਸੀ, ਜਿਸ ਲਈ ਸਮਝੌਤੇ ਤਹਿਤ ਕਾਮੇ ਕੰਮਾਂ ’ਤੇ ਪਰਤ ਆਉਣਗੇ। ਹੜਤਾਲ ਕਾਰਨ ਲੋਕਾਂ ਦੇ ਜ਼ਰੂਰੀ ਦਸਤਾਵੇਜ਼ ਉਨ੍ਹਾਂ ਤੱਕ ਨਾ ਪੁੱਜਣ ਦੀ ਪ੍ਰੇਸ਼ਾਨੀ ਝੱਲ ਰਹੇ ਲੋਕਾਂ ਨੇ ਪੋਸਟਲ ਸੇਵਾ ਮੁੜ ਸ਼ੁਰੂ ਹੋਣ ਦੀ ਗੱਲ ਸੁਣ ਕੇ ਸੁੱਖ ਦਾ ਸਾਹ ਲਿਆ ਹੈ। ਕੈਨੇਡਾ ਪੋਸਟ ਦੀ ਹੜਤਾਲ ਕਾਰਨ ਕੁਰੀਅਰ ਕੰਪਨੀਆਂ ’ਤੇ ਬੋਝ ਇੰਨਾ ਵੱਧ ਗਿਆ ਸੀ ਕਿ ਉਨ੍ਹਾਂ ਨੂੰ ਵੀ ਕੁਝ ਸੇਵਾਵਾਂ ਵਿੱਚ ਕਟੌਤੀਆਂ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੇ ਕਾਮਿਆਂ ਨੂੰ ਨਾ ਚਾਹੁੰਦੇ ਹੋਏ ਵੀ ਓਵਰ ਟਾਈਮ ਲਾਉਣਾ ਪੈ ਰਿਹਾ ਹੈ।