ਅਲਵਰ, 19 ਦਸੰਬਰ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ਦੇਸ਼ ਵਿੱਚ ਜਮਹੂਰੀਅਤ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਨਿਆਂਪਾਲਿਕਾ, ਚੋਣ ਕਮਿਸ਼ਨ ਅਤੇ ਜਾਂਚ ਏਜੰਸੀਆਂ (ਈਡੀ ਤੇ ਸੀਬੀਆਈ) ਡਰ ਹੇਠ ਕੰਮ ਕਰ ਰਹੀਆਂ ਹਨ। ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਗਹਿਲੋਤ ਨੇ ਕਿਹਾ ਕਿ ਦੇਸ਼ ਵਿੱੱਚ ਬੇਰੁਜ਼ਗਾਰੀ ਅਤੇ ਮਹਿੰਗਾਈ ਫੈਲੀ ਹੋਈ ਹੈ ਅਤੇ ਦੋਸ਼ ਲਾਇਆ ਕਿ ਆਰਥਿਕਤਾ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੇ ‘ਉਜਵਲਾ’ ਯੋਜਨਾ ਨਾਲ ਜੁੜੇ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ, ਜਿਹੜੇ ਕਿ ਐੱਲਪੀਜੀ ਸਿਲੰਡਰ ਭਰਵਾਉਣ ਤੋਂ ਅਸਮਰੱਥ ਹਨ, ਨੂੰ ਪ੍ਰਤੀ ਸਿਲੰਡਰ 500 ਰੁਪਏ ਸਬਸਿਡੀ ਦੇਣ ਦਾ ਐਲਾਨ ਵੀ ਕੀਤਾ। ਸੱਤਾਧਾਰੀਆਂ ’ਤੇ ਫਾਸ਼ੀਵਾਦੀ ਅਤੇ ਤਾਨਾਸ਼ਾਹ ਬਣਨ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੇ ਕਿਹਾ, ‘‘ ਜਮਹੂਰੀਅਤ ਕਮਜ਼ੋਰ ਹੋ ਰਹੀ ਹੈ। ਨਿਆਂਪਾਲਿਕਾ, ਚੋਣ ਕਮਿਸ਼ਨ, ਈਡੀ ਤੇ ਸੀਬੀਆਈ ਸਾਰੇ ਖ਼ੌਫ ਹੇਠ ਹਨ। ਕੋਈ ਨਹੀਂ ਜਾਣਦਾ ਕਿ ਦੇਸ਼ ਨੂੰ ਕਿਸ ਦਿਸ਼ਾ ਵੱਲ ਲਿਜਾਇਆ ਜਾਵੇਗਾ।’’