ਮੁੰਬਈ, 4 ਅਕਤੂਬਰ
ਇੱਥੋਂ ਦੀ ਇਕ ਅਦਾਲਤ ਨੇ ਅੱਜ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਤੇ ਦੋ ਹੋਰਾਂ ਨੂੰ ਇਕ ਪਾਰਟੀ ਦੌਰਾਲ ਕਰੂਜ਼ ਜਹਾਜ਼ ਵਿਚੋਂ ਪਾਬੰਦਸ਼ੁਦਾ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾਣ ਦੇ ਮਾਮਲੇ ਵਿਚ 7 ਅਕਤੂਬਰ ਤੱਕ ਨਾਰਕੋਟਿਕ ਕੰਟਰੋਲ ਬਿਊਰੋ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਐੱਨਸੀਬੀ ਨੂੰ ਐਤਵਾਰ ਨੂੰ ਦਿੱਤੀ ਗਈ ਇਕ ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਮਲੇ ਵਿਚ ਗ੍ਰਿਫ਼ਤਾਰ ਬਾਕੀ ਮੁਲਜ਼ਮਾਂ ਦੀ ਹਿਰਾਸਤ ਦੇ ਸਬੰਧ ਵਿਚ ਵੀ ਅਜੇ ਸੁਣਵਾਈ ਚੱਲ ਰਹੀ ਹੈ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਆਰ.ਐੱਮ. ਨੇਰਲਿਕਰ ਨੇ ਕਿਹਾ ਕਿ ਮਾਮਲੇ ਵਿਚ ਜਾਂਚ ਦੀ ਕਾਫੀ ਲੋੜ ਹੈ ਅਤੇ ਇਸ ਪਹਿਲੂ ਉੱਤੇ ਵਿਚਾਰ ਕਰਦੇ ਹੋਏ, ਐੱਨਸੀਬੀ ਸਾਹਮਣੇ ਮੁਲਜ਼ਮਾਂ ਦੀ ਹਾਜ਼ਰੀ ਜ਼ਰੂਰੀ ਹੈ।
ਉੱਧਰ, ਡਰੱਗਜ਼ ਮਾਮਲੇ ਵਿੱਚ ਆਰੀਅਨ ਖ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਫ਼ਿਲਮਸਾਜ਼ ਹੰਸਲ ਮਹਿਤਾ ਤੇ ਅਭਿਨੇਤਰੀਆਂ ਪੂਜਾ ਭੱਟ ਤੇ ਸੁਚਿੱਤਰਾ ਕ੍ਰਿਸ਼ਨਾਮੂਰਤੀ ਨੇ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਹਮਾਇਤ ਕੀਤੀ ਹੈ। ਇਸ ਤੋਂ ਪਹਿਲਾਂ ਅਦਾਕਾਰ ਸਲਮਾਨ ਖ਼ਾਨ ਨੇ ਵੀ ਸ਼ਾਹਰੁਖ ਦੇ ਘਰ ਜਾ ਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਸੀ। ਫ਼ਿਲਮ ਸਨਅਤ ਨਾਲ ਜੁੜੇ ਕੁਝ ਹੋਰਨਾਂ ਲੋਕਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਸ਼ਾਹਰੁਖ਼ ਨਾਲ ਖੜ੍ਹਨ ਦੀ ਗੱਲ ਆਖੀ ਹੈ।