ਟੋਰਾਂਟੋ—ਇੰਮੀਗ੍ਰੇਸ਼ਨ ਬਾਰੇ ਵਿਵਾਦਤ ਟਿੱਪਣੀ ਪਿੱਛੋਂ ਪੀ.ਸੀ. ਪਾਰਟੀ ਦੇ ਆਗੂ ਡਗ ਫੋਰਡ ਨੇ ਆਪਣਾ ਰਾਗ ਬਦਲਦਿਆਂ ਕਿਹਾ ਕਿ ਉਹ ਨਵੇਂ ਪ੍ਰਵਾਸੀਆਂ ਦੀ ਆਮਦ ਦਾ ਜ਼ੋਰਦਾਰ ਸਮੱਰਥਨ ਕਰਦੇ ਹਨ ਅਤੇ ਵਿਰੋਧੀਆਂ ਨੂੰ ਇਸ ਮੁੱਦੇ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਦਰਅਸਲ ਓਨਟਾਰੀਓ ਦੀਆਂ ਤਿੰਨ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਦਰਮਿਆਨ ਹੋਈ ਦੂਜੀ ਬਹਿਸ ‘ਚ ਡਗ ਫੋਰਡ ਨੇ ਕਿਹਾ ਕਿ ਮੈਨੂੰ ਡਰ ਹੈ ਕਿ ਓਨਟਾਰੀਓ ਦੇ ਘੱਟ ਆਬਾਦੀ ਵਾਲੇ ਹਿੱਸਿਆਂ ‘ਚ ਨਵੇਂ ਪ੍ਰਵਾਸੀਆਂ ਨੂੰ ਲਿਆਉਣ ਲਈ ਐਂਟਲਾਟਿਕ ਕੈਨੇਡਾ ‘ਚ ਚੱਲ ਰਹੇ ਇਕ ਫ਼ੈਡਰਲ ਪ੍ਰਾਜੈਕਟ ਦੀ ਨਕਲ ਕੀਤੀ ਜਾ ਸਕਦੀ ਹੈ।
ਉੱਤਰੀ ਓਨਟਾਰੀਓ ਨਾਲ ਸੰਬੰਧਤ ਮੁੱਦਿਆਂ ‘ਤੇ ਕੇਂਦਰਤ ਬਹਿਸ ਦੌਰਾਨ ਡਗ ਫ਼ੋਰਡ ਨੇ ਕਿਹਾ ਸੀ ਮੈਂ ਸਥਾਨਕ ਲੋਕਾਂ ਨਾਲ ਬੈਠ ਕੇ ਪਾਇਲਟ ਪ੍ਰਾਜੈਕਟ ਬਾਰੇ ਗੱਲ ਕਰਨੀ ਪਸੰਦ ਕਰਾਂਗਾ ਪਰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਓਨਟਾਰੀਓ ‘ਚ ਰਹਿੰਦੇ ਲੋਕਾਂ ਦੇ ਹਿੱਤਾਂ ਨੂੰ ਸਭ ਤੋਂ ਅਗੇ ਰੱਖਣਾ ਪਸੰਦ ਕਰਾਂਗਾ। ਜਦੋਂ ਖਾਲੀ ਆਸਾਮੀਆਂ ਭਰਨ ਲਈ ਸਾਡੇ ਕੋਲ ਕੋਈ ਨਹੀਂ ਬਚੇਗਾ ਉਸ ਵੇਲੇ ਹੀ ਨਵੇਂ ਪ੍ਰਵਾਸੀਆਂ ਨੂੰ ਲਿਆਉਣ ਬਾਰੇ ਸੋਚਿਆ ਜਾਵੇਗਾ। ਡਗ ਫੋਰਡ ਦੇ ਇਸ ਵਿਵਾਦਤ ਬਿਆਨ ਨੇ ਓਨਟਾਰੀਓ ਵਿਧਾਨ ਚੋਣਾਂ ‘ਚ ਪ੍ਰਚਾਰ ਨੂੰ ਨਵਾਂ ਰੂਪ ਦੇ ਦਿੱਤਾ ਹੈ ਜਦਕਿ ਪੀ.ਸੀ. ਪਾਰਟੀ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਫੋਰਡ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ।
ਲਿਬਰਲ ਆਗੂ ਕੈਥਲੀਨ ਵਿਨ ਅਤੇ ਐੱਨ.ਡੀ.ਪੀ. ਦੀ ਆਗੂ ਆਂਦਰੀਆ ਹੌਰੈਥ ਦੋਹਾਂ ਨੇ ਹੀ.ਪੀ.ਸੀ. ਪਾਰਟੀ ਦੇ ਇੰਮੀਗ੍ਰੇਸ਼ਨ ਬਾਰੇ ਵਿਚਾਰਾਂ ‘ਤੇ ਹੈਰਾਨੀ ਪ੍ਰਗਟ ਕੀਤੀ। ਕੈਥਲੀਨ ਵਿਨ ਨਾਲ ਸੰਬੰਧਤ ਇਕ ਰਣਨੀਤੀਕਾਰ ਨੇ ਤਾਂ ਇਥੋ ਤਕ ਕਹਿ ਦਿੱਤਾ ਕਿ ਡਗ ਫੋਰਡ ਦੇ ਵਿਚਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੇਲ ਖਾਂਦੇ ਹਨ। ਵਿਵਾਦਤ ਟਿੱਪਣੀ ਮਗਰੋਂ ਜਦੋਂ ਡਗ ਫੋਰਡ ਕੇਲਡਨ ਵਿਖੇ ਪ੍ਰਚਾਰ ਲਈ ਪੁੱਜੇ ਤਾਂ ਪੱਤਰਕਾਰਾਂ ਨੇ ਸਵਾਲਾਂ ਦੀ ਬੁਛਾੜ ਕਰ ਦਿੱਤੀ। ਪੀ.ਸੀ. ਪਾਰਟੀ ਦੇ ਆਗੂ ਨੇ ਦਾਅਵਾ ਕੀਤਾ ਕਿ ਰੁਜ਼ਗਾਰ ਹਾਸਲ ਕਰਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨਵੇਂ ਪ੍ਰਵਾਸੀਆਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਹੁਨਰ ਨੂੰ ਮਾਨਤਾ ਦਿਵਾਉਣ ਤੋਂ ਉਹ ਪਿੱਛੇ ਨਹੀਂ ਹਟਣਗੇ। ਵਿਧਾਨ ਸਭਾ ਚੋਣਾਂ ਦੀ ਪਹਿਲੀ ਬਹਿਸ ਦੌਰਾਨ ਵੀ ਡਗ ਫੋਰਡ ਨੂੰ ਕੈਥਲੀਨ ਵਿਨ ਅਤੇ ਆਂਦਰੀਆ ਹੌਰੈਥ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ। ਫੋਰਡ ਵੱਲੋਂ ਕੀਤੇ ਜਾ ਰਹੇ ਦਾਅਵੇ ਕਿ ਸਰਕਾਰੀ ਖਰਚੇ ‘ਚ ਕਟੌਤੀ ਰਾਹੀਂ ਓਨਟਾਰੀਓ ਨੂੰ ਅਰਬਾਂ ਡਾਲਰ ਦੀ ਬੱਚਤ ਹੋਵੇਗੀ, ਨੂੰ ਨਿਸ਼ਾਨਾ ਬਣਾਉਂਦਿਆਂ ਲਿਬਰਲ ਪਾਰਟੀ ਅਤੇ ਐੱਨ.ਡੀ.ਪੀ. ਦੀਆਂ ਆਗੂਆਂ ਨੇ ਸਵਾਲ ਉਠਾਇਆ ਕਿ ਪੀ.ਸੀ. ਪਾਰਟੀ ਵੱਲੋਂ ਕਿਹੜੀਆਂ ਨੌਕਰੀਆਂ ਜਾਂ ਸੇਵਾਵਾਂ ‘ਚ ਕਟੌਤੀ ਕੀਤੇ ਜਾਣ ਦੀ ਯੋਜਨਾ ਹੈ।
ਆਂਦਰੀਆ ਹੌਰੈਥ ਨੇ ਡਗ ਫੋਰਡ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਕੀ ਉਹ ਹੈਲਥ ਕੇਅਰ ਸਿਸਟਮ ਨੂੰ ਨਿੱਜੀ ਹੱਥਾਂ ‘ਚ ਦੇਣ ਦੀ ਯੋਜਨਾ ਬਣਾ ਰਹੇ ਹਨ ਜਿਸ ਨਾਲ ਨਰਸਾਂ ਵਿਹਲੀਆਂ ਹੋ ਜਾਣਗੀਆਂ ਜਾਂ ਹਸਤਪਾਲ ਬੰਦ ਹੋ ਜਾਣਗੇ। ਫੋਰਡ ਨੇ ਜਵਾਬ ‘ਚ ਕਿਹਾ ਕਿ ਉਨ੍ਹਾਂ ਨੇ ਅਜਿਹੇ ਕਿਸੇ ਸ਼ਬਦ ਦੀ ਵਰਤੋਂ ਨਹੀਂ ਕੀਤੀ ਅਤੇ ਉਹ ਸਰਕਾਰੀ ਕਾਰਗੁਜ਼ਾਰੀ ‘ਚ ਸੁਧਾਰ ਲਿਆ ਕੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ। ਐੱਨ.ਡੀ.ਪੀ. ਦੀ ਆਗੂ ਨੇ ਮਾਹੌਲ ਨੂੰ ਹੋਰ ਭਖਾਉਂਦਿਆਂ ਫੋਰਡ ਨੂੰ ਸਵਾਲ ਕੀਤਾ ਕਿ ਕੀ ਉਹ ਖਰਚਿਆਂ ‘ਚ ਕਟੌਤੀ ਦੇ ਵਿਸਤਾਰਤ ਵੇਰਵੇ ਲੋਕਾਂ ਨੂੰ ਦੱਸਣ ਦੀ ਹਿੰਮਤ ਰੱਖਦੇ ਹਨ? ਓਨਟਾਰੀਓ ਦੇ ਲੋਕਾਂ ਲਈ ਤੁਹਾਡੇ ਕੋਲ ਕੀ ਹੈ। ਆਂਦਰੀਆ ਨੇ ਦਾਅਵਾ ਕੀਤਾ ਕਿ ਡਗ ਫੋਰਡ ਦੀ ਕਾਬਲੀਅਤ ਸਿਰਫ ਖਰਚਿਆਂ ‘ਚ ਕਟੌਤੀ ਅਤੇ ਇਸ ਦਾ ਖਮਿਆਜ਼ਾ ਓਨਟਾਰੀਓ ਦੇ ਲੋਕਾਂ ਨੂੰ ਭੁਗਤਨਾ ਹੋਵੇਗਾ।