ਚੰਡੀਗੜ੍ਹ, ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਵਾਦਿਤ ਠੇਕੇਦਾਰ ਗੁਰਿੰਦਰ ਸਿੰਘ ‘ਭਾਪਾ’ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਕੇਸ ਦਰਜ ਕਰਨ ਤੋਂ ਬਾਅਦ ਸਿੰਜਾਈ ਵਿਭਾਗ ਦੇ ਅਫ਼ਸਰ ਦਹਿਸ਼ਤ ਵਿੱਚ ਹਨ। ਬਿਊਰੋ ਵੱਲੋਂ ਦਰਜ ਕੇਸ ਵਿੱਚ ਅੱਧੀ ਦਰਜਨ ਤੋਂ ਵੱਧ ਸੇਵਾ ਮੁਕਤ ਤੇ ਸੇਵਾ ਅਧੀਨ ਇੰਜਨੀਅਰਾਂ ਦੇ ਨਾਮ ਸ਼ਾਮਲ ਹਨ। ਵਿਜੀਲੈਂਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੇਵਾ ਕਰ ਰਹੇ 10 ਤੋਂ ਵੱਧ ਇੰਜਨੀਅਰਾਂ, ਜਿਨ੍ਹਾਂ ਵਿੱਚ ਐਸਡੀਓ, ਐਕਸੀਅਨ, ਐਸਈ ਅਤੇ ਮੁੱਖ ਇੰਜਨੀਅਰ ਪੱਧਰ ਦੇ ਅਫ਼ਸਰ ਸ਼ਾਮਲ ਹਨ, ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਵਿਜੀਲੈਂਸ ਵੱਲੋਂ ਐਫਆਈਆਰ ਵਿੱਚ ਸ਼ਾਮਲ ਅਫ਼ਸਰਾਂ ਦੀ ਗ੍ਰਿਫਤਾਰੀ ਲਈ ਛਾਪੇ ਵੀ ਮਾਰੇ ਗਏ। ਇਨ੍ਹਾਂ ਛਾਪਿਆਂ ਮਗਰੋਂ ਕਈ ਅਫ਼ਸਰ ਰੂਪੋਸ਼ ਹੋ ਗਏ ਹਨ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਮੁੱਢਲੀ ਤਫ਼ਤੀਸ਼ ਅਤੇ ਗੁਰਿੰਦਰ ਸਿੰਘ ‘ਭਾਪਾ’ ਦੇ ਦਫ਼ਤਰ ਅਤੇ ਘਰ ਤੋਂ ਮਿਲੇ ਸਾਮਾਨ ਤੋਂ ਇਹ ਗੱਲ ਜੱਗ ਜ਼ਾਹਿਰ ਹੋ ਗਈ ਹੈ ਕਿ ਸਿੰਜਾਈ ਵਿਭਾਗ ਦੇ ਬਹੁਗਿਣਤੀ ਇੰਜਨੀਅਰਾਂ ਦੀ ਇਸ ਠੇਕੇਦਾਰ ਨਾਲ ਗੰਢਤੁੱਪ ਹੈ। ਵਿਜੀਲੈਂਸ ਵੱਲੋਂ ਠੇਕੇਦਾਰ ਦੀ ਗ਼੍ਰਿਫ਼ਤਾਰੀ ਲਈ ਭੱਜ-ਨੱਠ ਕੀਤੀ ਜਾ ਰਹੀ ਹੈ। ਠੇਕੇਦਾਰ ਭਾਵੇਂ ਆਪਣੇ ਬੈਂਕ ਖਾਤਿਆਂ ਵਿੱਚੋਂ ਤਕਰੀਬਨ 100 ਕਰੋੜ ਰੁਪਏ ਦੀ ਰਾਸ਼ੀ ਕਢਵਾ ਚੁੱਕਾ ਹੈ, ਪਰ ਵਿਜੀਲੈਂਸ ਨੂੰ ਗੁਰਿੰਦਰ ਸਿੰਘ ਦੇ ਦੇਸ਼ ਅੰਦਰ ਹੀ ਕਿਤੇ ਛੁਪੇ ਹੋਣ ਦੀ ਉਮੀਦ ਹੈ। ਵਿਜੀਲੈਂਸ ਸੂਤਰਾਂ ਮੁਤਾਬਕ ਗੁਰਿੰਦਰ ਸਿੰਘ ਦੀਆਂ ਚੰਡੀਗੜ੍ਹ ਦੇ ਸੈਕਟਰ 19 ਸਥਿਤ ਦੋ ਕੋਠੀਆਂ (ਨੰਬਰ 184 ਅਤੇ 3398) ’ਚੋਂ ਬਰਾਮਦ ਕੰਪਿਊਟਰ ਡਿਸਕਾਂ ਨੂੰ ਫੌਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਹੋਰ ਸਬੂਤ ਹੱਥ ਲੱਗਣ ਦੇ ਆਸਾਰ ਹਨ। ਕੇਸ ਦਰਜ ਕਰਨ ਉਪਰੰਤ ਠੇਕੇਦਾਰ ਦੀਆਂ ਮਹਿੰਗੀਆਂ ਕਾਰਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਜੀਲੈਂਸ ਨੇ ਠੇਕੇਦਾਰ ਦੀ ਪਤਨੀ ਤੋਂ ਪੁੱਛਗਿੱਛ ਤਾਂ ਕੀਤੀ ਸੀ, ਪਰ ਇਸ ਦੌਰਾਨ ਕੋਈ ਠੋਸ ਜਾਣਕਾਰੀ ਹੱਥ ਨਹੀਂ ਲੱਗੀ।
ਵਿਜੀਲੈਂਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਦਸ ਸਾਲਾ ਰਾਜ ਦੌਰਾਨ ਸਿੰਜਾਈ ਵਿਭਾਗ ’ਚ 200 ਕਰੋੜ ਰੁਪਏ ਦੀ ਰਿਸ਼ਵਤ ਦਾ ਲੈਣ ਦੇਣ ਹੋਇਆ ਹੈ। ਬਾਦਲ ਸਰਕਾਰ ਸਮੇਂ ਸਿੰਜਾਈ ਵਿਭਾਗ ਵਿੱਚ ਨਹਿਰਾਂ, ਦਰਿਆਵਾਂ ਆਦਿ ਦੀ ਮੁਰੰਮਤ ਤੇ ਪੱਕਿਆਂ ਕਰਨ ਆਦਿ ’ਤੇ ਤਕਰੀਬਨ 2 ਹਜ਼ਾਰ ਕਰੋੜ ਰੁਪਏ ਦੇ ਕੰਮ ਹੋਏ ਦੱਸੇ ਜਾਂਦੇ ਹਨ। ਇਨ੍ਹਾਂ ਕੰਮਾਂ ਵਿੱਚੋਂ ਜ਼ਿਆਦਾ ਹਿੱਸਾ ਗੁਰਿੰਦਰ ਸਿੰਘ ਭਾਪਾ, ਪੁਸ਼ਪਿੰਦਰ ਸਿੰਘ ਅਤੇ ਇੱਕ ਦੋ ਹੋਰ ਚੋਣਵੇਂ ਠੇਕੇਦਾਰਾਂ ਦੀਆਂ ਕੰਪਨੀਆਂ ਦੇ ਹੀ ਹਿੱਸੇ ਆਉਂਦਾ ਰਿਹਾ ਹੈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ‘ਭਾਪਾ’ ਦੀ ਵਿਭਾਗ ’ਤੇ ਏਨੀ ਪਕੜ ਸੀ ਕਿ ਚੀਫ ਇੰਜਨੀਅਰ ਤੱਕ ਉਸ ਦੀ ਮਰਜ਼ੀ ’ਤੇ ਤਾਇਨਾਤ ਹੋ ਜਾਂਦੇ ਸਨ।
ਜ਼ਮਾਨਤ ਦੀ ਅਰਜ਼ੀ ਰੱਦ
ਵਿਜੀਲੈਂਸ ਵੱਲੋਂ ਦਰਜ ਮਾਮਲੇ ਵਿੱਚ ਗੁਰਿੰਦਰ ਸਿੰਘ ਠੇਕੇਦਾਰ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਮੁਹਾਲੀ ਦੀ ਅਦਾਲਤ ਨੇ ਠੇਕੇਕਾਰ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।