ਤਰਨ ਤਾਰਨ, 24 ਮਈ
ਸ਼ਰਾਬ ਦੇ ਠੇਕੇਦਾਰਾਂ ਦੇ ਹਥਿਆਰਬੰਦ ਕਰਿੰਦਿਆਂ ਵੱਲੋਂ ਅੱਜ ਸ਼ਾਮ ਇਲਾਕੇ ਦੇ ਪਿੰਡ ਬਨਵਾਲੀਪੁਰ ਵਿੱਚ ਲੋਕਾਂ ’ਤੇ ਗੋਲੀ ਚਲਾ ਦੇਣ ਨਾਲ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਦਿਲਬਾਗ ਸਿੰਘ ਤੁੜ (54) ਵਾਸੀ ਪਿੰਡ ਬਨਵਾਲੀਪੁਰ ਵਜੋਂ ਹੋਈ ਹੈ। ਉਹ ਪਿੰਡ ਦੇ ਗੁਰਦੁਆਰੇ ਦਾ ਹੈੱਡ ਗ੍ਰੰਥੀ ਸੀ| ਘਟਨਾ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਹੈ ਅਤੇ ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ਲਈ ਮੌਕੇ ’ਤੇ ਇਲਾਕੇ ਦੀਆਂ ਕਈ ਪੰਚਾਇਤਾਂ ਦੇ ਪ੍ਰਤੀਨਿਧੀ ਪਹੁੰਚ ਗਏ ਹਨ| ਘਟਨਾ ਸਥਾਨ ’ਤੇ ਜ਼ਿਲ੍ਹਾ ਪੁਲੀਸ ਵੱਲੋਂ ਐੱਸ.ਪੀ. (ਜਾਂਚ) ਤਿਲਕ ਰਾਜ, ਡੀ.ਐੱਸ.ਪੀ. ਅਸ਼ਵਨੀ ਕੁਮਾਰ ਅੱਤਰੀ, ਸੋਹਣ ਸਿੰਘ ਆਦਿ ਤੋਂ ਇਲਾਵਾ ਕਈ ਥਾਣਿਆਂ ਦੇ ਮੁਖੀ ਵੀ ਪੁੱਜੇ ਹੋਏ ਹਨ| ਘਟਨਾ ਬਾਰੇ ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਬਨਵਾਲੀਪੁਰ ਵਿੱਚ ਐਕਸਾਈਜ਼ ਵਿਭਾਗ ਦੇ ਦੋ ਮੁਲਾਜ਼ਮਾਂ ਨਾਲ ਸ਼ਰਾਬ ਦੇ ਠੇਕੇਦਾਰਾਂ ਦੇ ਕਈ ਹਥਿਆਰਬੰਦ ਪ੍ਰਾਈਵੇਟ ਮੁਲਾਜ਼ਮਾਂ ਦੀ ਇੱਕ ਟੀਮ ਨਾਜਾਇਜ਼ ਸ਼ਰਾਬ ਬਰਾਮਦ ਕਰਨ ਗਈ ਸੀ| ਟੀਮ ਨੇ ਪਿੰਡ ਦੇ ਇੱਕ ਘਰੋਂ ਦੋ ਡਰੰਮ ਲਾਹਣ ਬਰਾਮਦ ਕਰ ਲਈ ਸੀ| ਘਰ ਵਾਲਿਆਂ ਨੇ ਛਾਪਾ ਮਾਰਨ ਵਾਲੀ ਟੀਮ ਅਤੇ ਠੇਕੇਦਾਰਾਂ ਦੇ ਕਰਿੰਦਿਆਂ ਨਾਲ ਤਕਰਾਰ ਕਰਨਾ ਸ਼ੁਰੂ ਕਰ ਦਿੱਤਾ| ਉਨ੍ਹਾਂ ਦੋ ਮੁਲਾਜ਼ਮਾਂ ਨੂੰ ਬੰਦੀ ਵੀ ਬਣਾ ਲਿਆ, ਜਿਹੜੇ ਦੇਰ ਸ਼ਾਮ ਤੱਕ ਵੀ ਬੰਦੀ ਬਣਾਏ ਹੋਏ ਸਨ| ਪਿੰਡ ਦੇ ਲੋਕਾਂ ਨੇ ਟੀਮ ’ਤੇ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਚਾਅ ਕਰਨ ਲਈ ਠੇਕੇਦਾਰਾਂ ਦੇ ਹਥਿਆਰਬੰਦ ਕਰਿੰਦਿਆਂ ਨੇ ਲੋਕਾਂ ਆਪਣੇ ਪਿਸਤੌਲਾਂ ਆਦਿ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ| ਮੌਕੇ ’ਤੇ ਪਿੰਡ ਦੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਦਿਲਬਾਗ ਸਿੰਘ ਲੰਘ ਰਿਹਾ ਸੀ, ਜਿਸ ਦੇ ਗੋਲੀ ਲੱਗ ਗਈ। ਉਹ ਮੌਕੇ ’ਤੇ ਹੀ ਦਮ ਤੋੜ ਗਿਆ| ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਮੌਕੇ ਦੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ| ਉਨ੍ਹਾਂ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ।