ਨਵੀਂ ਦਿੱਲੀ:ਭਾਰਤ ਦੀ ਸਟਾਰ ਮੁੱਕੇਬਾਜ਼ ਨਿਖਤ ਜ਼ਰੀਨ ਦਾ ਮੰਨਣਾ ਹੈ ਕਿ ਟਾਰਗੈਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਅਤੇ ਖੇਲੋ ਇੰਡੀਆ ਪ੍ਰੋਗਰਾਮ ਨੇ ਖਿਡਾਰੀਆਂ ਲਈ ਬਹੁਤ ਵੱਡਾ ਬਦਲਾਅ ਲਿਆਂਦਾ ਹੈ। ਹੁਣ ਖਿਡਾਰੀ ਪੈਸੇ ਦੀ ਚਿੰਤਾ ਕੀਤੇ ਬਿਨਾਂ ਆਪਣੀ ਖੇਡ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਨ। ਟੌਪਸ ਅਤੇ ਖੇਲੋ ਇੰਡੀਆ ਪ੍ਰੋਗਰਾਮ ਕੇਂਦਰ ਸਰਕਾਰ ਵੱਲੋਂ ਕ੍ਰਮਵਾਰ 2014 ਅਤੇ 2018 ਵਿੱਚ ਸ਼ੁਰੂ ਕੀਤੇ ਗਏ ਸਨ। ਸਰਕਾਰ ਇਨ੍ਹਾਂ ਦੋਵਾਂ ਸਕੀਮਾਂ ਤਹਿਤ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦਿੰਦੀ ਹੈ। ‘ਮਨ ਕੀ ਬਾਤ’ ਦੇ 100 ਐਪੀਸੋਡ ਪੂਰੇ ਹੋਣ ’ਤੇ ਕੌਮੀ ਕਾਨਫਰੰਸ ਵਿੱਚ ਸੰਬੋਧਨ ਕਰਦਿਆਂ ਨਿਖਤ ਨੇ ਕਿਹਾ, ‘‘ਜਦੋਂ ਅਸੀਂ ਭਾਰਤ ਲਈ ਖੇਡਦੇ ਹਾਂ ਤਾਂ ਸਾਨੂੰ ਆਪਣਾ ਪੈਸਾ ਖਰਚ ਕਰਨਾ ਪੈਂਦਾ ਹੈ ਪਰ ਟੌਪਸ ਨੇ ਇਹ ਬਦਲ ਦਿੱਤਾ। ਹੁਣ ਅਸੀਂ ਆਪਣੀ ਖੇਡ ਅਤੇ ਤਗਮੇ ਜਿੱਤਣ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਾਂ।’’ ਉਸ ਨੇ ਕਿਹਾ, ‘‘ਜਦੋਂ ਮੈਂ ਮੁੱਕੇਬਾਜ਼ੀ ਸ਼ੁਰੂ ਕੀਤੀ ਸੀ, ਉਦੋਂ ਬਹੁਤੇ ਮੁਕਾਬਲੇ ਨਹੀਂ ਹੁੰਦੇ ਸਨ। ਇੱਕ ਖਿਡਾਰੀ ਨੂੰ ਵਿੱਤੀ ਸਹਾਇਤਾ ਦੀ ਬਹੁਤ ਲੋੜ ਹੁੰਦੀ ਹੈ, ਜੋ ਉਸ ਨੂੰ ‘ਖੇਲੋ ਇੰਡੀਆ’ ਤਹਿਤ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਯੋਜਨਾ ਰਾਹੀਂ ਖਿਡਾਰੀਆਂ ਦੀ ਬਹੁਤ ਮਦਦ ਕੀਤੀ ਹੈ।’’ ਉਸ ਨੇ ਕਿਹਾ ਕਿ ਖੇਲੋ ਇੰਡੀਆ ਵਿੱਚ ਮਹਿਲਾਵਾਂ ਨੇ ਕਈ ਕੌਮੀ ਰਿਕਾਰਡ ਤੋੜੇ ਹਨ।  ਇਸ ਦੌਰਾਨ ਰੀਓ ਪੈਰਾਲੰਪਿਕਸ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਦੀਪਾ ਮਲਿਕ ਨੇ ਵੀ ‘ਚਾਏ ਪੇ ਚਰਚਾ’ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਆਪਣੀ ਗੱਲਬਾਤ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਕਿਵੇਂ ਮੋਦੀ ਨੇ ‘ਦਿਵਿਆਂਗ’ ਸ਼ਬਦ ਦੀ ਵਰਤੋਂ ਕਰਨ ’ਤੇ ਜ਼ੋਰ ਦਿੱਤਾ ਸੀ।