ਟੋਰਾਂਟੋ : ਟੋਰਾਂਟੋ ਦੇ ਸੀ.ਐਨ. ਟਾਵਰ ਨੇੜੇ ਹੋਏ ਹਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਦੋ ਪੰਜਾਬੀ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਬਰੈਮਨਰ ਬੁਲੇਵਾਰਡ ਅਤੇ ਲੋਅਰ ਸਿਮਕੋਅ ਸਟ੍ਰੀਟ ਇਲਾਕੇ ਵਿਚ ਵਾਪਰੀ ਵਾਰਦਾਤ ਦੌਰਾਨ ਦੋ ਜਣਿਆਂ ਨੇ ਬਗੈਰ ਕਿਸੇ ਭੜਕਾਹਟ ਤੋਂ ਪੀੜਤ ਨੂੰ ਨਿਸ਼ਾਨਾ ਬਣਾਇਆ ਅਤੇ ਫਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ 11 ਫਰਵਰੀ 2024 ਨੂੰ ਹੋਏ ਹਮਲੇ ਦੌਰਾਨ ਜਿਥੇ ਪੀੜਤ ਦੀ ਕੁੱਟਮਾਰ ਕੀਤੀ ਗਈ, ਉਥੇ ਹੀ ਉਸ ਦਾ ਸੈਲਫੋਨ ਤੋੜ ਦਿਤਾ ਗਿਆ। ਪੁਲਿਸ ਵੱਲੋਂ ਪੀੜਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜਿਸ ਨੂੰ ਹਮਲੇ ਦੌਰਾਨ ਗੰਭੀਰ ਸੱਟਾਂ ਨਹੀਂ ਵੱਜੀਆਂ। ਹਮਲਾਵਰ ਐਲਬਰਟਾ ਲਾਇਸੰਸ ਪਲੇਟ ਸੀ.ਐਲ.ਐਕਸ. 3430 ਵਾਲੀ ਹੌਂਡਾ ਸਿਵਿਕ ਵਿਚ ਫਰਾਰ ਹੋ ਗਏ।
ਸੀ.ਐਨ. ਟਾਵਰ ਨੇੜੇ ਵਾਪਰੀ ਘਟਨਾ ਨਾਲ ਸਬੰਧਤ ਤਸਵੀਰਾਂ ਜਾਰੀ
ਪਹਿਲੇ ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਉਸ ਦੀ ਉਮਰ 20 ਤੋਂ 30 ਸਾਲ ਦਰਮਿਆਨ ਦੱਸੀ ਹੈ ਜਦਕਿ ਕੱਦ ਪੰਜ ਫੁੱਟ ਸੱਤ ਇੰਚ ਤੋਂ ਪੰਜ ਫੁੱਟ 10 ਇੰਚ ਦਰਮਿਆਨ ਦੱਸਿਆ ਗਿਆ ਹੈ। ਪਹਿਲੇ ਸ਼ੱਕੀ ਦੇ ਵਾਲ ਕਾਲੇ ਅਤੇ ਹਲਕੀ ਦਾੜ੍ਹੀ ਰੱਖੀ ਹੋਈ ਹੈ। ਵਾਰਦਾਤ ਵਾਲੇ ਦਿਨ ਉਸ ਨੇ ਪਿੰਕ ਸਵੈਟਸ਼ਰਟ, ਕਾਲੀ ਪੈਂਟ ਅਤੇ ਕਾਲੇ ਸ਼ੂਜ਼ ਪਾਏ ਹੋਏ ਸਨ। ਦੂਜੇ ਸ਼ੱਕੀ ਦੀ ਉਮਰ ਵੀ 20 ਸਾਲ ਤੋਂ 30 ਸਾਲ ਦਰਮਿਆਨ ਅਤੇ ਕੱਦ ਪੰਜ ਫੁੱਟ ਸੱਤ ਇੰਚ ਤੋਂ 10 ਇੰਚ ਦਰਮਿਆਨ ਦੱਸਿਆ ਗਿਆ ਹੈ ਜਿਸ ਨੇ ਵਾਰਦਾਤ ਵਾਲੇ ਦਿਨ ਹਰੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ ਜਦਕਿ ਕਾਲੀ ਪੈਂਟ ਅਤੇ ਲਾਲ-ਕਾਲੀ ਕਮੀਜ਼ ਪਾਈ ਹੋਈ ਸੀ। ਦੂਜੇ ਪਾਸੇ 19 ਸਾਲਾ ਨਵਲ ਦੀ ਭਾਲ ਵਿਚ ਜੁਟੀ ਟੋਰਾਂਟੋ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਿਸ ਮੁਤਾਬਕ ਨਵਲ ਨੂੰ ਆਖਰੀ ਵਾਰ 8 ਸਤੰਬਰ ਦੀ ਸਵੇਰ ਲਾਰੈਂਸ ਐਵੇਨਿਊ ਈਸਟ ਅਤੇ ਮਿਡਲੈਂਡ ਐਵੇਨਿਊ ਇਲਾਕੇ ਵਿਚ ਦੇਖਿਆ ਗਿਆ। ਨਵਲ ਦਾ ਹੁਲੀਆ ਬਿਆਨ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਸ ਦਾ ਕੱਦ ਪੰਜ ਫੁੱਟ ਅਤੇ ਸਰੀਰ ਦਰਮਿਆਨਾ ਹੈ।