ਟੋਰਾਂਟੋ : ਟੋਰਾਂਟੋ ਦੇ ਪੂਰਬੀ ਇਲਾਕੇ ਵਿਚ ਸੋਮਵਾਰ ਰਾਤ ਇਕ ਛੋਟਾ ਹਵਾਈ ਜਹਾਜ਼ ਕਰੈਸ਼ ਹੋਣ ਕਾਰਨ ਇਸ ਵਿਚ ਸਵਾਰ ਤਿੰਨ ਜਣੇ ਜ਼ਖਮੀ ਹੋ ਗਏ। ਟੋਰਾਂਟੋ ਫਾਇਰ ਨੇ ਦੱਸਿਆ ਕਿ ਹਾਦਸਾ ਡੈਨਫਰਕ ਐਵੇਨਿਊ ਦੇ ਦੱਖਣ ਅਤੇ ਕੌਕਸਵੈਲ ਐਵੇਨਿਊ ਦੇ ਪੱਛਮ ਵੱਲ ਮੋਨਾਰਕ ਪਾਰਕ ਕੌਲਜੀਏਟ ਇੰਸਟੀਚਿਊਟ ਵਿਚ ਵਾਪਰਿਆ। ਮੌਕੇ ’ਤੇ ਪੁੱਜੇ ਪੈਰਾਮੈਡਿਕਸ ਵੱਲੋਂ ਗੈਸ ਅਤੇ ਫ਼ਿਊਲ ਸਮੈੱਲ ਦੀ ਸ਼ਿਕਾਇਤ ਕੀਤੀ ਗਈ ਜਿਸ ਮਗਰੋਂ ਅੱਗ ਬੁਝਾਊ ਦਸਤਾ ਮੌਕੇ ’ਤੇ ਪੁੱਜ ਗਿਆ।
ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲਿਆ
ਇਸੇ ਦੌਰਾਨ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਜਹਾਜ਼ ਵਿਚ ਤਿੰਨ ਜਣੇ ਸਵਾਰ ਸਨ ਜਿਨ੍ਹਾਂ ਨੂੰ ਗੰਭੀਰ ਸੱਟਾਂ ਨਹੀਂ ਵੱਜੀਆਂ। ਟੋਰਾਂਟੋ ਫਾਇਰ ਚੀਫ਼ ਜਿਮ ਜੈਸਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਵਾਈ ਜਹਾਜ਼ ਸੌਕਰ ਫੀਲਡ ਦੇ ਬਿਲਕੁਲ ਨੇੜੇ ਪਾਰਕਿੰਗ ਲੌਟ ਵਿਚ ਕਰੈਸ਼ ਹੋਇਆ। ਇਹ ਦਸਦਿਆਂ ਖੁਸ਼ੀ ਹੋ ਰਹੀ ਹੈ ਕਿ ਜਹਾਜ਼ ਵਿਚ ਸਵਾਰ ਲੋਕਾਂ ਜਾਂ ਧਰਤੀ ’ਤੇ ਮੌਜੂਦ ਲੋਕਾਂ ਵਿਚੋਂ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਵੱਜੀ ਕਿਉਂਕਿ ਸੌਕਰ ਫੀਲਡ ਵਿਚ ਖਿਡਾਰੀ ਮੌਜੂਦ ਸਨ।