ਟੋਰਾਂਟੋ— ਕੈਨੇਡਾ ‘ਚ ਵੋਟਾਂ ਤੇ ਹੋਰਾਂ ਮੌਕਿਆਂ ‘ਤੇ ਚਾਹੇ ਕਈ ਸਿਆਸਤਦਾਨ ਇਕ ਕੈਨੇਡਾ ਦਾ ਹੌਕਾ ਦਿੰਦੇ ਰਹਿੰਦੇ ਹਨ ਪਰ ਆਏ ਦਿਨ ਕੈਨੇਡੀਅਨਾਂ ਵਲੋਂ ਸੜਕਾਂ ‘ਤੇ ਅਜਿਹਾ ਵਤੀਰਾ ਕੀਤਾ ਜਾਂਦਾ ਹੈ, ਜਿਸ ‘ਚ ਨਫਰਤ ਦੀ ਝਲਕ ਦਿੱਖ ਹੀ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਟੋਰਾਂਟੋ ‘ਚ ਸਾਹਮਣੇ ਆਇਆ ਹੈ। ਟੋਰਾਂਟੋ ਪੁਲਸ ਨੇ ਇਸ ‘ਤੇ ਸਖਤ ਕਾਰਵਾਈ ਕਰਦਿਆਂ ਇਸ ਸ਼ੱਕੀ ਨਫਰਤ ਅਪਰਾਧ ਦੇ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ।
ਅਸਲ ‘ਚ ਬੀਤੇ ਹਫਤੇ ਫੇਸਬੁੱਕ ‘ਤੇ ਇਕ ਵੀਡੀਓ ਪੋਸਟ ਕੀਤੀ ਗਈ ਜਿਸ ‘ਚ ਦਿਖਾਈ ਦੇ ਰਿਹਾ ਹੈ ਕਿ ਟੋਰਾਂਟੋ ਦੇ ਜੈਕ ਲੇਟਨ ਫੈਰੀ ਟਰਮੀਨਲ ‘ਤੇ ਇਕ ਵਿਅਕਤੀ ਤੇ ਇਕ ਪਰਿਵਾਰ, ਜਿਸ ‘ਚ ਇਕ ਔਰਤ ਵੀ ਸ਼ਾਮਲ ਸੀ, ਵਿਚਾਲੇ ਗਹਿਮਾ-ਗਹਿਮੀ ਹੋ ਗਈ। ਵੀਡੀਓ ‘ਚ ਸੁਣਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਇਕ ਪਰਿਵਾਰ ਨਾਲ ਉੱਚੀ ਆਵਾਜ਼ ‘ਚ ਪੁੱਛ ਰਿਹਾ ਹੈ ਕਿ ਉਨ੍ਹਾਂ ਦਾ ਪਰਿਵਾਰ ਕਿਥੋਂ ਆਇਆ ਹੈ ਤੇ ਕਹਿ ਰਿਹਾ ਹੈ ਕਿ ਉਹ ਮੇਰੇ ਸੂਬੇ ‘ਚ ਮੇਰੇ ਤੋਂ ਕੋਈ ਸਵਾਲ ਨਹੀਂ ਪੁੱਛ ਸਕਦੇ। ਪੁਲਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ੱਕੀ ਵਿਅਕਤੀ ਲਗਾਤਾਰ ਦੋ ਵਿਅਕਤੀਆਂ ‘ਤੇ ਚਿੱਲਾ ਰਿਹਾ ਹੈ ਤੇ ਉਸ ਨੇ ਮੌਕੇ ‘ਤੇ ਮੌਜੂਦ ਇਕ ਵਿਅਕਤੀ ਨਾਲ ਧੱਕਾ-ਮੁੱਕੀ ਵੀ ਕੀਤੀ।
ਪੁਲਸ ਨੇ ਦੱਸਿਆ ਕਿ ਟੋਰਾਂਟੋ ਦੇ ਰਹਿਣ ਵਾਲੇ 50 ਸਾਲਾ ਲੋਂਬਰੇ ਬਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ‘ਤੇ ਧੱਕਾ-ਮੁੱਕੀ ਕਰਨ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ 2 ਚਾਰਜ ਲਾਏ ਗਏ ਸਨ। ਇਸ ਸਬੰਧ ‘ਚ ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ ਪਰ ਪੇਸ਼ੀ ਦੌਰਾਨ ਕੋਈ ਵੀ ਅਪਰਾਧ ਸਾਬਿਤ ਨਹੀਂ ਹੋ ਸਕਿਆ।