ਟੋਕੀਓ, 30 ਅਗਸਤ
ਭਾਰਤੀ ਸ਼ੂਟਰ ਅਵਨੀ ਲੇਖਾਰਾ ਅੱਜ ਇਤਿਹਾਸ ਲਿਖਦਿਆਂ ਪੈਰਾਲੰਪਿਕਸ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਲੇਖਾਰਾ ਆਰ-2 ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ-1 ਮੁਕਾਬਲੇ ਵਿੱਚ 249.6 ਦੇ ਸਕੋਰ ਨਾਲ ਸਿਖਰਲੇ ਸਥਾਨ ’ਤੇ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕਸ ਵਿੱਚ ਜਿੱਤੇ ਸੋਨ ਤਗ਼ਮੇ ਲਈ ਸ਼ੂਟਰ ਅਵਨੀ ਲੇਖਾਰਾ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ। 19 ਸਾਲਾ ਲੇਖਾਰਾ ਨੇ ਫਾਈਨਲ ਵਿੱਚ 249.6 ਦੇ ਸਕੋਰ ਨਾਲ ਆਲਮੀ ਰਿਕਾਰਡ ਦੀ ਵੀ ਬਰਾਬਰੀ ਕੀਤੀ, ਜੋ ਕਿ ਨਵਾਂ ਪੈਰਾਲੰਪਿਕ ਰਿਕਾਰਡ ਵੀ ਹੈ। ਉਹ ਚੌਥੀ ਭਾਰਤੀ ਅਥਲੀਟ ਹੈ, ਜਿਸ ਨੇ ਪੈਰਾਲੰਪਿਕਸ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਤੈਰਾਕ ਮੁਰਲੀਕਾਂਤ ਪੇਟਕਰ (1972), ਨੇਜ਼ਾ ਸੁਟਾਵਾ ਦਵੇਂਦਰ ਝਾਝੜੀਆ(2004 ਤੇ 2016) ਤੇ ਹਾਈ ਜੰਪਰ ਥੰਗਾਵੇਲੂ ਮਰੀਅੱਪਨ (2016) ਪੈਰਾਲੰਪਿਕਸ ਵਿੱਚ ਸੋਨ ਤਗ਼ਮਾ ਦੇਸ਼ ਦੀ ਝੋਲੀ ਪਾ ਚੁੱਕੇ ਹਨ।