ਟੋਕੀਓ, 27 ਅਗਸਤ

ਭਾਰਤ ਦੀ ਟੇਬਲ ਟੈਨਿਸ ਖਿਡਾਰਨ ਭਾਵਿਨਾਬੇਨ ਪਟੇਲ ਨੇ ਟੋਕੀਓ ਪੈਰਾਲੰਪਿਕਸ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਪਹਿਲੀ ਭਾਰਤੀ ਟੇਬਲ ਟੈਨਿਸ ਖਿਡਾਰਨ ਬਣਨ ਦੇ ਨਾਲ ਹੀ ਟੋਕੀਓ ਖੇਡਾਂ ਵਿੱਚ ਮਹਿਲਾ ਸਿੰਗਲ ਕਲਾਸ ਚਾਰ ਵਰਗ ਵਿੱਚ ਤਗਮਾ ਪੱਕਾ ਕਰ ਲਿਆ ਹੈ। ਉਸ ਨੇ ਕੁਆਰਟਫਾਈਨਲ ਵਿੱਚ ਵਿਸ਼ਵ ਦੀ ਦੂਸਰੇ ਰੈਂਕ ਦੀ ਖਿਡਾਰਨ ਤੇ ਮੌਜੂਦਾ ਚੈਂਪੀਅਨ ਬੋਰਿਸਲਾਵਾ ਪੇਰਿਚ ਰਾਂਕੋਵਿਚ ਖ਼ਿਲਾਫ਼ ਪ੍ਰਭਾਵਸ਼ਾਲੀ ਜਿੱਤ ਦਰਜ ਕੀਤੀ ਹੈ। 34 ਵਰ੍ਹਿਆਂ ਦੀ ਇਸ ਖਿਡਾਰਨ ਨੇ ਸਰਬੀਆ ਦੀ ਇਸ ਖਿਡਾਰਨ ਨੂੰ 18 ਮਿੰਟਾਂ ਤੱਕ ਚਲੇ ਮੈਚ ਵਿੱਚ 11-5, 11-6, 11-7 ਨਾਲ ਮਾਤ ਦਿੱਤੀ। ਸੈਮੀਫਾਈਨਲ ਵਿੱਚ ਉਸ ਦਾ ਮੁਕਾਬਲਾ ਚੀਨ ਦੀ ਝਾਂਗ ਮਿਆਓ ਨਾਲ ਹੋਵੇਗਾ ਪਰ ਅੰਤਿਮ ਚਾਰ ਵਿੱਚ ਪਹੁੰਚਦਿਆਂ ਹੀ ਉਸ ਦਾ ਤਗਮਾ ਪੱਕਾ ਹੋ ਜਾਵੇਗਾ। ਟੋਕੀਓ ਪੈਰਾਲੰਪਿਕਸ ਦੇ ਟੇਬਲ ਟੈਨਿਸ ਮੁਕਾਬਲੇ ਵਿੱਚ ਕਾਂਸੇ ਦੇ ਤਗਮੇ ਲਈ ਪਲੇਅ-ਆਫ ਮੈਚ ਨਹੀਂ ਹੋਵੇਗਾ ਤੇ ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਦੋਹਾਂ ਖਿਡਾਰਨਾਂ ਨੂੰ ਕਾਂਸੇ ਦਾ ਤਗਮਾ ਮਿਲੇਗਾ।