ਟੋਕੀਓ, 2 ਅਗਸਤ
ਭਾਰਤੀ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਸੰਜੀਵ ਰਾਜਪੂਤ ਸੋਮਵਾਰ ਨੂੰ ਇੱਥੇ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹੇ ਹਨ। ਇਸ ਨਾਲ ਭਾਰਤੀ ਨਿਸ਼ਾਨੇਬਾਜ਼ਾਂ ਲਈ ਰੀਓ ਓਲੰਪਿਕ ਤੋਂ ਬਾਅਦ ਟੋਕੀਓ ਓਲੰਪਿਕਸ ਤੋਂ ਖਾਲੀ ਹੱਥ ਪਰਤਣਾ ਤੈਅ ਹੋ ਹੋ ਗਿਆ। ਤੋਮਰ ਨੇ ਅਸਾਕਾ ਨਿਸ਼ਾਨੇਬਾਜ਼ੀ ਰੇਂਜ ਵਿੱਚ ਨੀਲਿੰਗ ’ਚ 397 ਅੰਕਾਂ, ਪ੍ਰੋਨ ’ਚ 391 ਪ੍ਰੋਨ ਅਤੇ ਸਟੈਂਡਿੰਗ ’ਚ 379 ਅੰਕਾਂ ਸਣੇ ਕੁੱਲ 1167 ਅੰਕ ਹਾਸਲ ਕੀਤੇ ਅਤੇ 21ਵੇਂ ਸਥਾਨ ’ਤੇ ਰਹਿਣ ਮਗਰੋਂ ਫਾਈਨਲ ’ਚ ਜਗ੍ਹਾ ਬਣਾਉਣ ਦੀ ਦੌੜ ਤੋਂ ਬਾਹਰ ਹੋ ਗਿਆ। ਤਜਰਬੇਕਾਰ ਨਿਸ਼ਾਨੇਬਾਜ਼ ਰਾਜਪੂਤ ਨੇ ਵੀ ਦੇਸ਼ ਵਾਸੀਆਂ ਨੂੰ ਨਿਰਾਸ਼ ਹੀ ਕੀਤਾ। ਉਸ ਨੇ ਨੀਲਿੰਗ ਵਿੱਚ 387 ਵਿੱਚੋਂ, ਪ੍ਰੋਨ ਵਿੱਚ 393, ਅਤੇ ਸਟੈਂਡਿੰਗ ਵਿੱਚ 377 ਅੰਕਾਂ ਸਣੇ ਕੁੱਲ 1157 ਅੰਕ ਹਾਸਲ ਕੀਤੇ। ਉਹ 39 ਨਿਸ਼ਾਨੇਬਾਜ਼ਾਂ ਵਿੱਚੋਂ 32ਵੇਂ ਸਥਾਨ ’ਤੇ ਰਿਹਾ ਤੇ ਕੁਆਲੀਫਿਕੇਸ਼ਨ ਤੋਂ ਬਾਹਰ ਹੋ ਗਿਆ। ਜ਼ਿਕਰਯੋਗ ਹੈ ਕਿ ਭਾਰਤੀ ਨਿਸ਼ਾਨੇਬਾਜ਼ ਪੰਜ ਸਾਲ ਪਹਿਲਾਂ ਰੀਓ ਓਲੰਪਿਕਸ ਵਿੱਚ ਵੀ ਕੋਈ ਤਮਗਾ ਨਹੀਂ ਜਿੱਤ ਸਕੇ ਸਨ। ਇਸ ਦੌਰਾਨ ਭਾਰਤੀ ਦੀ ਫਰਾਟਾ ਦੌੜਾਕ ਦੁਤੀ ਚੰਦ ਵੀ 200 ਮੀਟਰ ਮੁਕਾਬਲਿਆਂ ’ਚੋਂ ਬਾਹਰ ਹੋ ਗਈ ਹੈ। ਦੂਤੀ ਚੰਦ ਨੇ ਮਹਿਲਾਵਾਂ ਦੀ 200 ਮੀਟਰ ਦੌੜ ਵਿੱਚ ਇਸ ਸੈਸ਼ਨ ’ਚ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਪਰ ਉਹ ਆਪਣੀ ਹੀਟ ਵਿੱਚੋਂ ਸੱਤਵੇਂ ਅਤੇ ਆਖਰੀ ਸਥਾਨ ’ਤੇ ਰਹਿ ਕੇ ਟੋਕੀਓ ਓਲੰਪਿਕ ਤੋਂ ਬਾਹਰ ਹੋ ਗਈ। ਦੁਤੀ ਨੇ ਚੌਥੀ ਹੀਟ ਵਿੱਚ 23.85 ਦਾ ਸਮਾਂ ਕੱਢਿਆ, ਜੋ ਕਿ ਸੀਜ਼ਨ ਦਾ ਉਸ ਦਾ ਸਰਬੋਤਮ ਪ੍ਰਦਰਸ਼ਨ ਸੀ, ਪਰ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਲਈ ਇਹ ਕਾਫ਼ੀ ਨਹੀਂ ਸੀ। ਦੁਤੀ ਚੰਦ 100 ਮੀਟਰ ਦੌੜ ’ਚ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਸੀ ਕਰ ਸਕੀ।