ਦੁਬਈ: ਸ੍ਰੀਲੰਕਾ ਖ਼ਿਲਾਫ਼ ਦੂਜੇ ਟੈਸਟ ਦੌਰਾਨ ਆਪਣੀ ਧਰਤੀ ’ਤੇ ਪਹਿਲੀ ਵਾਰ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲਾ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਛੇ ਸਥਾਨ ਦੇ ਫ਼ਾਇਦੇ ਨਾਲ ਅੱਜ ਜਾਰੀ ਆਈਸੀਸੀ ਟੈਸਟ ਦਰਜਾਬੰਦੀ ਵਿੱਚ ਗੇਂਦਬਾਜ਼ਾਂ ਦੀ ਸੂਚੀ ਵਿੱਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਹਾਲਾਂਕਿ, ਵੱਡੀ ਪਾਰੀ ਖੇਡਣ ਲਈ ਜੂਝ ਰਿਹਾ ਸਟਾਰ ਸਾਬਕਾ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ੀ ਦਰਜਾਬੰਦੀ ਵਿੱਚ ਨੌਵੇਂ ਨੰਬਰ ’ਤੇ ਖਿਸਕ ਗਿਆ। ਉਸ ਨੂੰ ਚਾਰ ਸਥਾਨਾਂ ਦਾ ਨੁਕਸਾਨ ਹੋਇਆ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਛੇਵੇਂ ਸਥਾਨ ’ਤੇ ਬਰਕਰਾਰ ਹੈ। ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਦਸਵੇਂ ਸਥਾਨ ’ਤੇ ਹੈ। ਵੈਸਟ ਇੰਡੀਜ਼ ਦਾ ਜੇਸਨ ਹੋਲਡਰ ਇੱਕ ਫਾਰ ਫਿਰ ਭਾਰਤ ਦੇ ਰਵਿੰਦਰ ਜਡੇਜਾ ਨੂੰ ਪਛਾੜ ਕੇ ਦੁਨੀਆਂ ਦਾ ਅੱਵਲ ਨੰਬਰ ਟੈਸਟ ਹਰਫ਼ਨਮੌਲਾ ਖਿਡਾਰੀ ਬਣ ਗਿਆ ਹੈ। ਗੇਂਦਬਾਜ਼ੀ ਵਿੱਚ ਮੁਹੰਮਦ ਸ਼ਮੀ ਇੱਕ ਸਥਾਨ ਦੇ ਫ਼ਾਇਦੇ ਨਾਲ 17ਵੇਂ ਨੰਬਰ ’ਤੇ ਪਹੁੰਚ ਗਿਆ।