ਦੁਬਈ, 15 ਅਕਤੂਬਰ
ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਮੈਚ ਵਿੱਚ ਨਾਬਾਦ ਦੌੜਾਂ ਦੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਜਾਰੀ ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਟੈਸਟ ਬੱਲੇਬਾਜ਼ੀ ਵਿੱਚ ਚੋਟੀ ’ਤੇ ਕਾਬਜ਼ ਆਸਟਰੇਲੀਆ ਦੇ ਸਟੀਵ ਸਮਿੱਥ ਤੋਂ ਸਿਰਫ਼ ਇੱਕ ਅੰਕ ਪਿੱਛੇ ਹੈ।
ਇਸ ਟੈਸਟ ਵਿੱਚ ਸੈਂਕੜਾ ਮਾਰਨ ਵਾਲਾ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਵੀ ਚੋਟੀ ਦੇ 20 ਬੱਲੇਬਾਜ਼ਾਂ ਵਿੱਚ ਸ਼ਾਮਲ ਹੋ ਗਿਆ। ਉਹ 108 ਦੌੜਾਂ ਦੀ ਪਾਰੀ ਦੀ ਬਦੌਲਤ 17ਵੇਂ ਸਥਾਨ ’ਤੇ ਆ ਗਿਆ।
ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਚੋਟੀ ਦੇ ਦਸ ਵਿੱਚ ਸ਼ਾਮਲ ਦੋ ਹੋਰ ਬੱਲੇਬਾਜ਼ ਹਨ, ਜੋ ਚੌਥੇ ਅਤੇ ਨੌਵੇਂ ਸਥਾਨ ’ਤੇ ਬਰਕਰਾਰ ਹਨ। ਸਪਿੰਨਰ ਰਵੀਚੰਦਰਨ ਅਸ਼ਵਿਨ ਤਿੰਨ ਦਰਜਿਆਂ ਦੇ ਫ਼ਾਇਦੇ ਨਾਲ ਸੱਤਵੇਂ ਨੰਬਰ ’ਤੇ ਪਹੁੰਚ ਗਿਆ, ਜਦਕਿ ਸੱਟ ਕਾਰਨ ਟੈਸਟ ਲੜੀ ’ਚੋਂ ਬਾਹਰ ਹੋਇਆ ਜਸਪ੍ਰੀਤ ਬੁਮਰਾਹ ਤੀਜੇ ਸਥਾਨ ’ਤੇ ਬਰਕਰਾਰ ਹੈ।
ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਰਵਿੰਦਰ ਜਡੇਜਾ ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਮਗਰੋਂ ਦੂਜੇ ਸਥਾਨ ’ਤੇ ਹੈ, ਜਦਕਿ ਅਸ਼ਵਿਨ ਇਸ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹੈ।
ਕੋਹਲੀ ਦੱਖਣੀ ਅਫਰੀਕਾ ਖ਼ਿਲਾਫ਼ ਲੜੀ ਦੇ ਸ਼ੁਰੂਆਤੀ ਟੈਸਟ ਮਗਰੋਂ 900 ਦੇ ਅੰਕੜੇ (ਜਨਵਰੀ 2018 ਮਗਰੋਂ ਪਹਿਲੀ ਵਾਰ) ਤੋਂ ਹੇਠਾਂ ਪਹੁੰਚ ਗਿਆ ਸੀ। ਦੂਜੇ ਟੈਸਟ ਵਿੱਚ ਦੂਹਰੇ ਸੈਂਕੜੇ ਮਗਰੋਂ ਭਾਰਤੀ ਕਪਤਾਨ ਦੇ ਹੁਣ 936 ਅੰਕ ਹੋ ਗਏ ਹਨ। ਉਸ ਦਾ ਸਰਵੋਤਮ ਰੇਟਿੰਗ ਅੰਕ 937 ਹੈ, ਜਿੱਥੇ ਉਹ ਬੀਤੇ ਸਾਲ ਅਗਸਤ ਵਿੱਚ ਪਹੁੰਚਿਆ ਸੀ। ਇੱਕ ਰੋਜ਼ਾ ਵਿੱਚ ਪਹਿਲੇ ਸਥਾਨ ’ਤੇ ਕਾਬਜ਼ ਕੋਹਲੀ ਕੋਲ 19 ਅਕਤੂਬਰ ਤੋਂ ਰਾਂਚੀ ਵਿੱਚ ਖੇਡੇ ਜਾਣ ਵਾਲੇ ਤੀਜੇ ਟੈਸਟ ਵਿੱਚ ਸਮਿੱਥ ਨੂੰ ਪਛਾੜ ਕੇ ਸਿਖਰ ’ਤੇ ਆਉਣ ਦਾ ਮੌਕਾ ਹੋਵੇਗਾ।