ਦੁਬਈ, 5 ਦਸੰਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਤਾਜ਼ਾ ਦਰਜਾਬੰਦੀ ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਮੁੜ ਪਹਿਲੇ ਨੰਬਰ ’ਤੇ ਪਹੁੰਚ ਗਿਆ। ਬੀਤੇ ਹਫ਼ਤੇ ਬੰਗਲਾਦੇਸ਼ ਖ਼ਿਲਾਫ਼ ਕੋਲਕਾਤਾ ਵਿੱਚ ਖੇਡੇ ਗਏ ਦਿਨ-ਰਾਤ ਟੈਸਟ ਵਿੱਚ 136 ਦੌੜਾਂ ਬਣਾਉਣ ਵਾਲੇ ਕੋਹਲੀ ਦੇ 928 ਅੰਕ ਹੋ ਗਏ ਹਨ। ਹੁਣ ਉਹ ਸਮਿੱਥ ਤੋਂ ਪੰਜ ਅੰਕ ਅੱਗੇ ਹੈ, ਜਿਸ ਨੇ ਪਾਕਿਸਤਾਨ ਖ਼ਿਲਾਫ਼ ਐਡੀਲੇਡ ਟੈਸਟ ਵਿੱਚ 36 ਦੌੜਾਂ ਬਣਾਈਆਂ ਸਨ। ਉਸ ਦੇ 931 ਤੋਂ ਘਟ ਕੇ 923 ਅੰਕ ਹੋ ਗਏ ਹਨ। ਚੇਤੇਸ਼ਵਰ ਪੁਜਾਰਾ ਨੇ ਚੌਥਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਅਜਿੰਕਿਆ ਰਹਾਣੇ ਤਾਜ਼ਾ ਦਰਜਾਬੰਦੀ ਵਿੱਚ ਇੱਕ ਦਰਜਾ ਹੇਠਾਂ ਖਿਸਕ ਕੇ ਛੇਵੇਂ ਸਥਾਨ ’ਤੇ ਆ ਗਿਆ। ਗੇਂਦਬਾਜ਼ਾਂ ਵਿੱਚ ਜਸਪ੍ਰੀਤ ਬੁਮਰਾਹ ਪੰਜਵੇਂ ਸਥਾਨ ’ਤੇ ਹੈ, ਜੋ ਭਾਰਤੀ ਗੇਂਦਬਾਜ਼ ਵਿੱਚੋਂ ਸਭ ਤੋਂ ਅੱਗੇ ਹੈ। ਸੀਨੀਅਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਵੀ ਨੌਵਾਂ ਸਥਾਨ ਬਰਕਰਾਰ ਰੱਖਿਆ ਹੋਇਆ ਹੈ। ਮੁਹੰਮਦ ਸ਼ਮੀ ਇੱਕ ਦਰਜੇ ਦੇ ਫ਼ਾਇਦੇ ਨਾਲ ਦਸਵੇਂ ਸਥਾਨ ’ਤੇ ਪਹੁੰਚ ਗਿਆ। ਆਈਸੀਸੀ ਨੇ ਬਿਆਨ ਵਿੱਚ ਕਿਹਾ, “ਆਸਟਰੇਲੀਆ ਦਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨਾਬਾਦ 335 ਦੌੜਾਂ ਦੀ ਇਤਿਹਾਸਕ ਪਾਰੀ ਦੀ ਬਦੌਲਤ 12 ਦਰਜਿਆਂ ਦੇ ਫ਼ਾਇਦੇ ਨਾਲ 12ਵੇਂ ਸਥਾਨ ’ਤੇ ਪਹੁੰਚ ਗਿਆ, ਜਦਕਿ ਮਾਰਨਸ ਲਾਬੂਸ਼ਾਨੇ ਪਹਿਲੀ ਵਾਰ ਚੋਟੀ ਦੇ ਦਸ ਵਿੱਚ ਪਹੁੰਚਿਆ ਹੈ। ਉਹ ਇਸ ਸਾਲ ਦੇ ਸ਼ੁਰੂ ਵਿੱਚ 110ਵੇਂ ਨੰਬਰ ’ਤੇ ਸੀ।’’ ਲਾਬੂਸ਼ਾਨੇ ਆਪਣੀ ਸੈਂਕੜਾ ਪਾਰੀ ਕਾਰਨ ਛੇ ਦਰਜੇ ਅੱਗੇ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਇੱਕ ਹੋਰ ਆਸਟਰੇਲਿਆਈ ਖਿਡਾਰੀ ਹੈ, ਜਿਸ ਨੂੰ ਨਵੀਂ ਵਿਸ਼ਵ ਦਰਜਾਬੰਦੀ ਵਿੱਚ ਫ਼ਾਇਦਾ ਮਿਲਿਆ ਹੈ। ਐਡੀਲੇਡ ਟੈਸਟ ਵਿੱਚ ਸੱਤ ਵਿਕਟਾਂ ਲੈਣ ਕਾਰਨ ਉਹ ਚਾਰ ਦਰਜੇ ਉਪਰ 14ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਹ ਦਰਜਾਬੰਦੀ ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਮੈਚ ਤੋਂ ਇਲਾਵਾ ਨਿਊਜ਼ੀਲੈਂਡ ਅਤੇ ਇੰਗਲੈਂਡ ਦਰਮਿਆਨ ਹੈਮਿਲਟਨ ਵਿੱਚ ਖ਼ਤਮ ਹੋਏ ਡਰਾਅ ਟੈਸਟ ਅਤੇ ਵੈਸਟ ਇੰਡੀਜ਼ ਦੀ ਲਖਨਊ ਵਿੱਚ ਅਫ਼ਗਾਨਿਸਤਾਨ ’ਤੇ ਨੌਂ ਵਿਕਟਾਂ ਨਾਲ ਜਿੱਤ ਵਾਲੇ ਮੈਚ ਮਗਰੋਂ ਤਿਆਰ ਕੀਤੀ ਗਈ ਹੈ। ਪਾਕਿਸਤਾਨ ਦਾ ਮੱਧਕ੍ਰਮ ਬੱਲੇਬਾਜ਼ ਬਾਬਰ ਆਜ਼ਮ ਦੋ ਦਰਜੇ ਉਪਰ 13ਵੇਂ, ਜਦਕਿ ਸਲਾਮੀ ਬੱਲੇਬਾਜ਼ ਸ਼ਾਨ ਮਸੂਦ ਦਸ ਦਰਜੇ ਅੱਗੇ 47ਵੇਂ ਨੰਬਰ ’ਤੇ ਪਹੁੰਚ ਗਏ ਹਨ।
ਇੰਗਲੈਂਡ ਦੇ ਕਪਤਾਨ ਜੋਅ ਰੂਟ ਨੂੰ ਵੀ 226 ਦੌੜਾਂ ਦੀ ਪਾਰੀ ਖੇਡਣ ਦਾ ਫ਼ਾਇਦਾ ਮਿਲਿਆ। ਉਹ ਇੱਕ ਹਫ਼ਤੇ ਤੱਕ ਸਿਖਰਲੇ ਦਸ ਵਿੱਚੋਂ ਬਾਹਰ ਰਹਿਣ ਮਗਰੋਂ ਹੁਣ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਰੋਰੀ ਬਰਨਜ਼ (36ਵੇਂ) ਆਪਣੇ ਦੂਜੇ ਟੈਸਟ ਸੈਂਕੜੇ ਦੇ ਦਮ ’ਤੇ ਪਹਿਲੀ ਵਾਰ ਪਹਿਲੇ 40 ਕ੍ਰਿਕਟਰਾਂ ਵਿੱਚ ਸ਼ਾਮਲ ਹੋ ਗਿਆ। ਨਿਊਜ਼ੀਲੈਂਡ ਦਾ ਬੱਲੇਬਾਜ਼ ਰੋਸ ਟੇਲਰ 16ਵੇਂ, ਜਦਕਿ ਗੇਂਦਬਾਜ਼ਾਂ ਵਿੱਚ ਟਿਮ ਸਾਊਦੀ 13ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਦੋਵਾਂ ਨੂੰ ਕ੍ਰਮਵਾਰ ਦੋ ਅਤੇ ਇੱਕ ਦਰਜੇ ਦਾ ਫ਼ਾਇਦਾ ਮਿਲਿਆ।