ਦੁਬਈ, 27 ਫਰਵਰੀ
ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖ਼ਿਲਾਫ਼ ਵੈਲਿੰਗਟਨ ਵਿੱਚ ਪਹਿਲੇ ਟੈਸਟ ’ਚ ਭਾਰਤ ਦੀ ਦਸ ਵਿਕਟਾਂ ਦੀ ਹਾਰ ਦੌਰਾਨ ਸਿਰਫ਼ 21 ਦੌੜਾਂ ਬਣਾਈਆਂ, ਜਿਸ ਕਾਰਨ ਉਸ ਨੂੰ ਆਈਸੀਸੀ ਦੀ ਤਾਜ਼ਾ ਟੈਸਟ ਬੱਲੇਬਾਜ਼ੀ ਦਰਜਾਬੰਦੀ ਵਿੱਚ ਅੱਵਲ ਨੰਬਰ ਦੀ ਬਾਦਸ਼ਾਹਤ ਗੁਆਉਣੀ ਪਈ। ਕੋਹਲੀ ਦੀ ਦਰਜਾਬੰਦੀ ਖਿਸਕਣ ਕਾਰਨ ਆਸਟਰੇਲੀਆ ਦਾ ਸਟੀਵ ਸਮਿੱਥ ਇੱਕ ਵਾਰ ਫਿਰ ਚੋਟੀ ’ਤੇ ਪਹੁੰਚ ਗਿਆ ਹੈ। ਜੂਨ 2015 ਵਿੱਚ ਪਹਿਲੀ ਵਾਰ ਦੁਨੀਆਂ ਦਾ ਅੱਵਲ ਨੰਬਰ ਟੈਸਟ ਬੱਲੇਬਾਜ਼ ਬਣਨ ਵਾਲਾ ਸਮਿਥ ਅੱਠਵੀਂ ਵਾਰ ਸਿਖਰ ’ਤੇ ਪਹੁੰਚਿਆ ਹੈ। ਸਮਿੱਥ ਅਤੇ ਕੋਹਲੀ ਤੋਂ ਇਲਾਵਾ ਪਿਛਲੀ ਵਾਰ ਕੇਨ ਵਿਲੀਅਮਸਨ ਦਸੰਬਰ 2015 ਵਿੱਚ ਅੱਠ ਦਿਨ ਲਈ ਦੁਨੀਆਂ ਦਾ ਨੰਬਰ ਇੱਕ ਬੱਲੇਬਾਜ਼ ਰਹਿ ਚੁੱਕਿਆ ਹੈ। ਕੋਹਲੀ ਹੁਣ 906 ਅੰਕਾਂ ਨਾਲ ਦੂਜੇ ਨੰਬਰ ’ਤੇ ਹੈ। ਇਸ ਸੂਚੀ ਵਿੱਚ ਅਜਿੰਕਿਆ ਰਹਾਣੇ, ਚੇਤੇਸ਼ਵਰ ਪੁਜਾਰਾ ਅਤੇ ਮਯੰਕ ਅਗਰਵਾਲ ਕ੍ਰਮਵਾਰ ਅੱਠਵੇਂ, ਨੌਵੇਂ ਅਤੇ 10ਵੇਂ ਸਥਾਨ ’ਤੇ ਹਨ। ਪਹਿਲੇ ਟੈਸਟ ’ਚ ਕੁੱਲ 75 ਦੌੜਾਂ ਬਣਾਉਣ ਵਾਲੇ ਭਾਰਤੀ ਉਪ ਕਪਤਾਨ ਰਹਾਣੇ ਨੂੰ ਇੱਕ ਦਰਜੇ ਦਾ ਫ਼ਾਇਦਾ ਹੋਇਆ ਹੈ। ਅਗਰਵਾਲ ਨੇ ਦੂਜੀ ਪਾਰੀ ਵਿੱਚ ਨੀਮ ਸੈਂਕੜੇ ਸਣੇ 92 ਦੌੜਾਂ ਬਣਾ ਕੇ ਕਰੀਅਰ ਦੀ ਸਰਵੋਤਮ ਦਸਵੀਂ ਦਰਜਾਬੰਦੀ ’ਤੇ ਵਾਪਸੀ ਕੀਤੀ ਹੈ। ਪੁਜਾਰਾ ਦੋਵਾਂ ਪਾਰੀਆਂ ਵਿੱਚ 11-11 ਦੌੜਾਂ ਬਣਾਉਣ ਮਗਰੋਂ ਦੋ ਸਥਾਨ ਹੇਠਾਂ ਖਿਸਕ ਗਿਆ ਹੈ।
ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਪਾਰੀ ਵਿੱਚ 99 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲਾ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਇੱਕ ਸਥਾਨ ਗੁਆਉਣ ਮਗਰੋਂ ਗੇਂਦਬਾਜ਼ੀ ਸੂਚੀ ਵਿੱਚ ਨੌਵੇਂ ਨੰਬਰ ’ਤੇ ਹੈ। ਉਹ 765 ਅੰਕਾਂ ਨਾਲ ਚੋਟੀ ਦੇ ਦਸ ਵਿੱਚ ਇਕਲੌਤਾ ਭਾਰਤੀ ਗੇਂਦਬਾਜ਼ ਹੈ। ਸੱਟ ਠੀਕ ਹੋਣ ਮਗਰੋਂ ਵਾਪਸੀ ਕਰਦਿਆਂ ਪਹਿਲੇ ਟੈਸਟ ਵਿੱਚ ਪੰਜ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਇੱਕ ਸਥਾਨ ਦਾ ਫ਼ਾਇਦਾ ਹੋਇਆ ਹੈ ਅਤੇ ਉਹ 17ਵੇਂ ਨੰਬਰ ’ਤੇ ਪਹੁੰਚ ਗਿਆ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਅਤੇ ਟ੍ਰੈਂਟ ਬੋਲਟ ਨੂੰ ਦਰਜਾਬੰਦੀ ਵਿੱਚ ਕਾਫ਼ੀ ਫ਼ਾਇਦਾ ਮਿਲਿਆ, ਜਿਨ੍ਹਾਂ ਨੇ ਭਾਰਤ ਖ਼ਿਲਾਫ਼ ਪਹਿਲੇ ਟੈਸਟ ਵਿੱਚ ਕ੍ਰਮਵਾਰ ਨੌਂ ਅਤੇ ਪੰਜ ਵਿਕਟਾਂ ਲਈਆਂ ਹਨ। ਸਾਊਦੀ ਅੱਠ ਦਰਜਿਆਂ ਦੇ ਫ਼ਾਇਦੇ ਨਾਲ ਛੇਵੇਂ ਨੰਬਰ ਦਾ ਗੇਂਦਬਾਜ਼ ਬਣ ਗਿਆ।
ਜੂਨ 2014 ਵਿੱਚ ਕਰੀਅਰ ਦੀ ਸਰਵੋਤਮ ਪੰਜਵੀਂ ਦਰਜਾਬੰਦੀ ਮਗਰੋਂ ਇਹ ਸਾਊਦੀ ਦੀ ਬਿਹਤਰੀਨ ਰੈਂਕਿੰਗ ਹੈ। ਬੋਲਟ ਚਾਰ ਦਰਜਿਆਂ ਦਾ ਲਾਹਾ ਲੈ ਕੇ ਸਾਂਝੇ ਤੌਰ ’ਤੇ 13ਵੇਂ ਸਥਾਨ ’ਤੇ ਹੈ। ਹਰਫ਼ਨਮੌਲਿਆਂ ਦੀ ਸੂਚੀ ਵਿੱਚ ਰਵਿੰਦਰ ਜਡੇਜਾ ਅਤੇ ਅਸ਼ਵਿਨ ਕ੍ਰਮਵਾਰ ਤੀਜੇ ਅਤੇ ਪੰਜਵੇਂ ਨੰਬਰ ’ਤੇ ਹਨ। ਜਡੇਜਾ ਨੂੰ ਪਹਿਲੇ ਟੈਸਟ ’ਚ ਮੌਕਾ ਨਹੀਂ ਮਿਲਿਆ, ਜਦਕਿ ਸਿਫ਼ਰ ਅਤੇ ਚਾਰ ਦੌੜਾਂ ਬਣਾਉਣ ਵਾਲੇ ਅਸ਼ਵਿਨ ਨੂੰ ਇੱਕ ਦਰਜੇ ਦਾ ਨੁਕਸਾਨ ਉਠਾਉਣਾ ਪਿਆ। ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ 360 ਅੰਕਾਂ ਨਾਲ ਪਹਿਲੇ ਨੰਬਰ ’ਤੇ ਬਰਕਰਾਰ ਹੈ ਜਦਕਿ ਆਸਟਰੇਲੀਆ 296 ਅੰਕਾਂ ਨਾਲ ਦੂਜੇ ਨੰਬਰ ’ਤੇ ਹੈ। ਵੈਲਿੰਗਟਨ ਵਿੱਚ ਜਿੱਤ ਕਾਰਨ 60 ਅੰਕ ਲੈਣ ਵਾਲੇ ਨਿਊਜ਼ੀਲੈਂਡ ਦੇ 120 ਅੰਕ ਹਨ