ਹਾਂਗਜ਼ੂ, 28 ਸਤੰਬਰ
ਰਾਮਕੁਮਾਰ ਰਾਮਾਨਥਨ ਅਤੇ ਸਾਕੇਤ ਮਾਇਨੇਨੀ ਦੀ ਜੋੜੀ ਨੇ ਅੱਜ ਇੱਥੇ ਪੁਰਸ਼ ਡਬਲਜ਼ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਏਸ਼ਿਆਈ ਖੇਡਾਂ ਦੇ ਟੈਨਿਸ ਮੁਕਾਬਲੇ ਵਿੱਚ ਭਾਰਤ ਦਾ ਇੱਕ ਤਗਮਾ ਪੱਕਾ ਕੀਤਾ ਪਰ ਸਿੰਗਲਜ਼ ਵਰਗ ਦੇ ਖਿਡਾਰੀ ਸੁਮਿਤ ਨਾਗਲ ਅਤੇ ਅੰਕਿਤਾ ਰੈਨਾ ਨੂੰ ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਮਗਰੋਂ ਖਾਲੀ ਹੱਥ ਪਰਤਣਾ ਪਵੇਗਾ। ਰਾਮਾਨਾਥਨ ਅਤੇ ਮਾਇਨੇਨੀ ਦੀ ਦੂਜਾ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਜ਼ੀਜ਼ੇਨ ਜ਼ਾਂਗ ਅਤੇ ਯਬਿਿੰਗ ਵੂ ਦੀ ਜੋੜੀ ਨੂੰ 6-1, 7-6 (8) ਨਾਲ ਹਰਾਇਆ। ਸੈਮੀਫਾਈਨਲ ’ਚ ਪਹੁੰਚਣ ਦਾ ਮਤਲਬ ਭਾਰਤ ਦਾ ਘੱਟੋ-ਘੱਟ ਕਾਂਸੀ ਦਾ ਤਗਮਾ ਪੱਕਾ ਹੈ।
ਅੱਜ ਖੇਡੇ ਗਏ ਸਿੰਗਲਜ਼ ਮੁਕਾਬਲਿਆਂ ’ਚ ਨਾਗਲ ਅਤੇ ਪਿਛਲੀ ਵਾਰ ਦੀ ਕਾਂਸੀ ਦਾ ਤਮਗਾ ਜੇਤੂ ਅੰਕਿਤਾ ਰੈਨਾ ਕੁਆਰਟਰ ਫਾਈਨਲ ’ਚ ਹਾਰ ਕੇ ਬਾਹਰ ਹੋ ਗਏ। ਨਾਗਲ ਲਈ ਦੁਨੀਆਂ ਦੇ 60ਵੇਂ ਨੰਬਰ ਦੇ ਖਿਡਾਰੀ ਜ਼ੀਜ਼ੇਨ ਨੂੰ ਹਰਾਉਣਾ ਸੌਖਾ ਨਹੀਂ ਸੀ। ਉਹ ਦੋ ਘੰਟੇ 16 ਮਿੰਟ ਵਿੱਚ 7-6(3) 1-6 2-6 ਨਾਲ ਹਾਰ ਗਿਆ। ਸੋਮਦੇਵ ਦੇਵਵਰਮਨ ਨੇ 2010 ਵਿੱਚ ਪੁਰਸ਼ ਸਿੰਗਲਜ਼ ਵਿੱਚ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਯੂਕੀ ਭਾਂਬਰੀ (2014) ਅਤੇ ਪ੍ਰਜਨੇਸ਼ ਗੁਣੇਸ਼ਵਰਨ (2018 ਨੇ ਕਾਂਸੀ ਦੇ ਤਗਮੇ ਜਿੱਤੇ। 2006 ਵਿੱਚ ਦੋਹਾ ’ਚ ਹੋਈਆਂ ਖੇਡਾਂ ਵਿੱਚ ਰੋਹਨ ਬੋਪੰਨਾ ਅਤੇ ਕਰਨ ਰਸਤੋਗੀ ਸਿੰਗਲਜ਼ ਵਰਗ ਵਿੱਚ ਤਗਮਿਆਂ ਦੇ ਗੇੜ ਵਿੱਚ ਨਹੀਂ ਪਹੁੰਚ ਸਕੇ ਸਨ। ਰੈਨਾ ਨੂੰ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਹਾਰੂਕਾ ਰਾਜੀ ਨੇ 3-6, 6-4, 6-4 ਨਾਲ ਹਰਾਇਆ। ਸਿੰਗਲਜ਼ ਵਰਗ ਵਿੱਚ ਰਾਮਾਨਾਥਨ ਤੀਜੇ ਗੇੜ ’ਚ ਅਤੇ ਰੁਤੁਜਾ ਭੋਸਲੇ ਦੂਜੇ ਗੇੜ ਚੋਂ ਹੀ ਬਾਹਰ ਹੋ ਗਏ ਸਨ। ਇਸ ਦੌਰਾਨ ਯੂਕੀ ਭਾਂਬਰੀ ਅਤੇ ਰੈਨਾ ਦੀ ਸਿਖਰਲਾ ਦਰਜਾ ਪ੍ਰਾਪਤ ਭਾਰਤੀ ਜੋੜੀ ਮਿਕਸਡ ਡਬਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਫਿਲਪੀਨਜ਼ ਦੇ ਫਰਾਂਸਿਸ ਕੇਸੀ ਅਲਕੇਨਟਾਰਾ ਅਤੇ ਐਲੇਕਸ ਏਲਾ ਤੋਂ ਹਾਰ ਕੇ ਬਾਹਰ ਹੋ ਗਈ।