ਬ੍ਰਿਸਬਨ, ਆਕਲੈਂਡ- 7 ਜਨਵਰੀ
ਜਾਪਾਨ ਦੇ ਨਿਸ਼ੀਕੋਰੀ ਨੇ ਬ੍ਰਿਸਬਨ ਓਪਨ ਦਾ ਖ਼ਿਤਾਬ ਜਿੱਤ ਲਿਆ ਹੈ। ਉਸ ਨੇ ਰੂਸ ਦੇ ਦਾਨਿਲ ਮੇਦਵੇਦੇਵ ਨੂੰ 6-4, 3-6, 6-2 ਸੈੱਟ ਸਕੋਰ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਉਸ ਨੇ ਫਾਈਨਲ ਮੈਚ ਹਾਰਨ ਦਾ ਦਾਗ ਵੀ ਧੋ ਦਿੱਤਾ ਹੈ। ਉਹ ਹੁਣ ਤੱਕ 9 ਫਾਈਨਲ ਮੈਚ ਹਾਰ ਚੁੱਕਾ ਸੀ।
ਨਿਸ਼ੀਕੋਰੀ ਨੇ 70 ਫੀਸਦੀ ਅੰਕ ਪਹਿਲੀ ਸਰਵਿਸ ਨਾਲ ਬਟੋਰੇ ਅਤੇ 15 ਬਰੇਕ ਪੁਆਇੰਟਾਂ ਵਿਚੋਂ ਪੰਜ ਨੂੰ ਅੰਕਾਂ ਵਿਚ ਤਬਦੀਲ ਕੀਤਾ। ਇਹ ਮੈਚ ਦੋ ਘੰਟੇ ਤੋਂ ਥੋੜ੍ਹਾ ਜਿਹਾ ਸਮਾਂ ਵੱਧ ਚੱਲਿਆ। ਇਸ ਤੋਂ ਪਹਿਲਾਂ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨੇ ਯੂਕਰੇਨ ਦੀ ਲੇਸੀਆ ਟੀਸੁਰੈਂਕੋ ਨੂੰ 4-6, 7-5 ਅਤੇ 6-2 ਨਾਲ ਹਰਾ ਕੇ ਦਿੱਤਾ। ਇਹ ਉਸ ਦੇ ਕਰੀਅਰ ਦਾ 12 ਵਾਂ ਖ਼ਿਤਾਬ ਹੈ।
ਜੂਲੀਆ ਜਾਰਜਸ ਨੇ ਆਪਣੇ ਤਜਰਬੇ ਦਾ ਲਾਹਾ ਲੈਂਦਿਆਂ ਇਕ ਸੈੱਟ ਨਾਲ ਪਛੜਨ ਤੋਂ ਬਾਅਦ ਵਾਪਸੀ ਕਰਦਿਆਂ ਐਤਵਾਰ ਨੂੰ ਕੈਨੇਡਾ ਦੀ ਉਭਰਦੀ ਖਿਡਾਰਨ ਬਿਅੰਕਾ ਐਂਡਰਸਕਿਊ ਨੂੰ ਹਰਾ ਕੇ ਡਬਲਿਊਟੀਏ ਆਕਲੈਂਡ ਕਲਾਸਿਕ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ। ਜਰਮਨੀ ਦੀ 30 ਸਾਲ ਦੀ ਖਿਡਾਰਨ ਨੇ 2-6, 7-5, 6-1 ਨਾ ਫਾਈਨਲ ਜਿੱਤ ਲਿਆ। ਜਿੱਤ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਇਹ ਖ਼ਿਤਾਬ ਉਸ ਦੇ ਲਈ ਕਾਫੀ ਅਹਿਮ ਹੈ ਕਿਉਂਕਿ ਸ਼ੁਰੂ ਵਿਚ ਸਭ ਕੁੱਝ ਠੀਕ ਨਹੀਂ ਚੱਲ ਰਿਹਾ ਸੀ। ਇਹ ਜੂਲੀਆ ਦਾ 15ਵਾਂ ਡਬਲਿਊ ਟੀਏ ਖ਼ਿਤਾਬ ਹੈ।