ਨਵੀਂ ਦਿੱਲੀ, 25 ਜੁਲਾਈ
ਭਾਰਤ ਦੀ ਕਰਮਨ ਕੌਰ ਥਾਂਦੀ ਨੇ ਅਮਰੀਕਾ ਵਿੱਚ ਇਵਾਂਸਵਿਲੇ ਮੁਕਾਬਲਾ ਜਿੱਤ ਕੇ ਆਪਣੇ ਕਰੀਅਰ ਦਾ ਦੂਜਾ ਡਬਲਿਊ60 ਆਈਟੀਐੱਫ ਟੈਨਿਸ ਖ਼ਿਤਾਬ ਜਿੱਤਿਆ। ਕਰਮਨ ਨੇ ਐਤਵਾਰ ਨੂੰ ਸਖਤ ਮੁਕਾਬਲੇ ਵਿੱਚ ਯੂਕਰੇਨ ਦੀ ਯੂਲਿਲਾ ਸਟਾਰੋਡਬਤਸੀਵਾ ਨੂੰ ਤਿੰਨ ਸੈੱਟਾਂ ਵਿੱਚ 7-5, 4-6, 6-1 ਨਾਲ ਹਰਾ ਕੇ ਆਈਟੀਐੱਫ ਮਹਿਲਾ ਵਿਸ਼ਵ ਟੂਰ ’ਤੇ ਆਪਣਾ ਦੂਜਾ ਸਿੰਗਲਜ਼ ਖ਼ਿਤਾਬ ਜਿੱਤਿਆ। ਇਸ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ 60 ਹਜ਼ਾਰ ਡਾਲਰ ਸੀ।
ਇਸ ਜਿੱਤ ਨਾਲ ਸਾਨੀਆ ਮਿਰਜ਼ਾ ਤੋਂ ਬਾਅਦ ਕਰਮਨ ਅਮਰੀਕਾ ਵਿੱਚ ਪੇਸ਼ੇਵਰ ਖ਼ਿਤਾਬ ਜਿੱਤਣ ਵਾਲੀ ਸਿਰਫ ਦੂਜੀ ਭਾਰਤੀ ਟੈਨਿਸ ਖਿਡਾਰਨ ਬਣ ਗਈ। ਕਰਮਨ ਨੇ ਆਪਣਾ ਪਹਿਲਾ ਡਬਲਿਊ60 ਆਈਟੀਐੱਫ ਖ਼ਿਤਾਬ ਪਿਛਲੇ ਸਾਲ ਸੇਗੁਨੇ ਵਿੱਚ ਜਿੱਤਿਆ ਸੀ। ਇਹ ਕਰਮਨ ਦੇ ਕਰੀਅਰ ਦਾ ਚੌਥਾ ਖ਼ਿਤਾਬ ਹੈ। ਇਵਾਂਸਵਿਲੇ ਵਿੱਚ ਕਰਮਨ ਨੇ ਪਹਿਲੇ ਗੇੜ ਵਿੱਚ ਮੈਕਸਿਕੋ ਦੀ ਮਾਰੀਆ ਫਰਨਾਂਡੋ ਨਵਾਰੋ ਨੂੰ ਹਰਾਇਆ ਅਤੇ ਫਿਰ ਅਗਲੇ ਗੇੜ ਵਿੱਚ ਸਥਾਨਕ ਖਿਡਾਰਨ ਮਾਰੀਬੇਲਾ ਜ਼ਾਮਾਰਿਪਾ ਨੂੰ ਮਾਤ ਦਿੱਤੀ।
ਕਰਮਨ ਨੇ ਕੁਆਰਟਰ ਫਾਈਨਲ ਵਿੱਚ ਅਮਰੀਕਾ ਦੀ ਵਾਈਲਡ ਕਾਰਡ ਧਾਰਕ ਐਲੀ ਕਿੱਕ ਨੂੰ 6-3, 6-3 ਨਾਲ ਹਰਾਇਆ ਜਦਕਿ ਸੈਮੀ ਫਾਈਨਲ ਵਿੱਚ ਅਮਰੀਕਾ ਦੀ ਮੈਕਾਰਟਨੀ ਕੈਸਲਰ ਨੂੰ ਸਿੱਧੇ ਸੈੱਟਾਂ ਵਿੱਚ 6-4, 7-5 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਕਰਮਨ ਦੀ ਮੌਜੂਦਾ ਡਬਲਿਊਟੀਏ ਸਿੰਗਲਜ਼ ਰੈਂਕਿੰਗ 261ਵੀਂ ਹੈ ਅਤੇ ਉਹ ਦੇਸ਼ ਦੀ ਦੂਜੇ ਨੰਬਰ ਦੀ ਖਿਡਾਰਨ ਹੈ।