ਪੈਰਿਸ, 23 ਜੁਲਾਈ
ਡਬਲਯੂਟੀਏ ਦੀ ਅੱਜ ਜਾਰੀ ਤਾਜ਼ਾ ਦਰਜਾਬੰਦੀ ਵਿੱਚ ਪਹਿਲੀਆਂ ਦਸ ਖਿਡਾਰਨਾਂ ਦੇ ਥਾਵਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਆਸਟਰੇਲੀਆ ਦੀ ਐਸ਼ਲੇ ਬਾਰਟੀ ਪਹਿਲੇ ਸਥਾਨ ’ਤੇ ਬਰਕਰਾਰ ਹੈ, ਜਦਕਿ ਜਾਪਾਨ ਦੀ ਨਾਓਮੀ ਓਸਾਕਾ ਦੂਜੇ ਅਤੇ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਤੀਜੇ ਸਥਾਨ ’ਤੇ ਹੈ। ਏਟੀਪੀ ਟੈਨਿਸ ਰੈਂਕਿੰਗਜ਼ ਵਿੱਚ ਰੂਸ ਦਾ ਡੇਨੀਅਲ ਮੈਦਵੇਦੇਵ ਕਰੀਅਰ ਦੇ ਸਰਵੋਤਮ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਵਿੰਬਲਡਨ ਚੈਂਪੀਅਨ ਰੋਮਾਨੀਆ ਦੀ ਸਿਮੋਨਾ ਹਾਲੇਪ ਦਰਜਾਬੰਦੀ ਵਿੱਚ ਚੌਥੇ, ਜਦਕਿ ਇਸ ਟੂਰਨਾਮੈਂਟ ਦੀ ਉਪ ਜੇਤੂ ਸੇਰੇਨਾ ਵਿਲੀਅਮਜ਼ ਨੌਵੇਂ ਸਥਾਨ ’ਤੇ ਹੈ।
ਇਸੇ ਤਰ੍ਹਾਂ ਏਟੀਪੀ ਦਰਜਾਬੰਦੀ ਵਿੱਚ ਪਹਿਲੇ ਅੱਠ ਸਥਾਨਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਪਿਛਲੀ ਦਰਜਾਬੰਦੀ ਵਿੱਚ ਨੌਵੇਂ ਸਥਾਨ ’ਤੇ ਰਹੇ ਇਟਲੀ ਦੇ ਫੈਬੀਓ ਫੋਗਨੇਨੀ ਦਸਵੇਂ ਸਥਾਨ ’ਤੇ ਖਿਸਕ ਗਿਆ। ਸੱਟ ਕਾਰਨ ਫੋਗਨੇਨੀ ਨੂੰ ਪਲਾਵਾ ਲਗੁਨਾ ਕ੍ਰੋਏਸ਼ੀਆ ਓਪਨ ਦਾ ਆਖ਼ਰੀ-16 ਦਾ ਮੁਕਾਬਲਾ ਵਿਚਾਲੇ ਛੱਡਣਾ ਪਿਆ ਸੀ, ਜਿਸ ਮਗਰੋਂ ਉਸ ਨੇ ਰੈਂਕਿੰਗਜ਼ ਵਿੱਚ ਇੱਕ ਸਥਾਨ ਗੁਆ ਲਿਆ। ਉਸ ਨੇ ਹਮਵਤਨ ਸਟੈਫਾਨੋ ਟਰਵਾਗਿਲੀਆ ਖ਼ਿਲਾਫ਼ ਮੈਚ ਨੂੰ ਵਿਚਾਲੇ ਛੱਡ ਦਿੱਤਾ ਸੀ, ਜਿਸ ਕਾਰਨ ਟਰਵਾਗਿਲੀਆ ਅਗਲੇ ਗੇੜ ਵਿੱਚ ਪਹੁੰਚ ਗਿਆ ਸੀ।
ਵਿੰਬਲਡਨ ਚੈਂਪੀਅਨ ਸਰਬੀਆ ਦਾ ਨੋਵਾਕ ਜੋਕੋਵਿਚ ਪਹਿਲੇ ਅਤੇ ਉਪ ਜੇਤੂ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਤੀਜੇ ਸਥਾਨ ’ਤੇ ਹੈ, ਜਦਕਿ ਸਪੇਨ ਦਾ ਰਾਫੇਲ ਨਡਾਲ ਦੂਜੇ ਸਥਾਨ ’ਤੇ ਬਰਕਰਾਰ ਹੈ।
ਨਿਊਪੋਰਟ ਏਟੀਪੀ ਖ਼ਿਤਾਬ ਜੇਤੂ ਅਮਰੀਕਾ ਦਾ ਜੌਹਨ ਇਸਨਰ ਇੱਕ ਸਥਾਨ ਦੇ ਸੁਧਾਰ ਨਾਲ 14ਵੇਂ ਸਥਾਨ ’ਤੇ ਪਹੁੰਚ ਗਿਆ। ਇਸਨਰ ਨੇ ਐਤਵਾਰ ਨੂੰ ਅਲੈਕਜੈਂਡਰ ਬਬਲਿਕ ਨੂੰ 7-6, 6-3 ਨਾਲ ਹਰਾ ਕੇ ਚੌਥਾ ਏਟੀਪੀ ਗਰਾਸਕੋਰਟ ਟੂਰਨਾਮੈਂਟ ਜਿੱਤਿਆ ਹੈ।