ਸੇਂਟ ਪੀਟਰਸਬਰਗ, 31 ਜਨਵਰੀ
ਵਿਕਟੋਰੀਆ ਅਜ਼ਾਰੇਂਕਾ ਨੇ ਸੇਂਟ ਪੀਟਰਸਬਰਗ ਲੇਡੀਜ਼ ਟਰਾਫੀ ਵਿੱਚ ਰੂਸੀ ਕੁਆਲੀਫਾਇਰ ਮਾਰਗਰਿਟਾ ਗੇਸਪੇਰਿਅਨ ਨੂੰ ਮਾਤ ਦੇ ਦਿੱਤੀ, ਹੁਣ ਉਸ ਦਾ ਸਾਹਮਣਾ ਆਸਟਰੇਲੀਅਨ ਓਪਨ ਦੀ ਉਪ ਜੇਤੂ ਪੇਤਰਾ ਕਵਿਤੋਵਾ ਨਾਲ ਹੋਵੇਗਾ। ਅਜ਼ਾਰੇਂਕਾ ਨੇ ਗੇਸਪਰੀਅਨ ਨੂੰ ਸਿੱਧੇ ਸੈੱਟਾਂ ਵਿੱਚ 6-4, 6-1 ਨਾਲ ਮਾਤ ਦਿੱਤੀ। ਦੋ ਵਾਰ ਆਸਟਰੇਲਿਆਈ ਓਪਨ ਚੈਂਪੀਅਨ ਅਜ਼ਾਰੇਂਕਾ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ ਅਤੇ ਗੇਸਪੇਰਿਅਨ ਨਾਲ ਇਹ ਮੁਕਾਬਲਾ ਤਿੰਨ ਬ੍ਰੇਕ ਤੱਕ ਚੱਲਿਆ। ਅਜ਼ਾਰੇਂਕਾ ਨੇ ਸਿੱਧੇ ਸੈੱਟ ਨਾਲ ਜਿੱਤ ਦਰਜ ਕਰਕੇ ਅਗਲੇ ਗੇੜ ਵਿੱਚ ਥਾਂ ਬਣਾਈ, ਜਦਕਿ ਕਵਿਤੋਵਾ ਨੂੰ ਦੂਜੇ ਗੇੜ ਵਿੱਚ ਬਾਈ ਮਿਲੀ ਹੈ।
ਇੱਕ ਹੋਰ ਮੈਚ ਵਿੱਚ ਸਾਬਕਾ ਫਰਾਂਸ ਓਪਨ ਚੈਂਪੀਅਨ ਯੇਲੇਨਾ ਓਸਤਾਪੈਂਕੋ ਨੇ ਕ੍ਰਿਸਟੀਨਾ ਮਲੇਦਨੋਵਿਚ ਨੂੰ 6-1, 0-6, 6-0 ਨਾਲ ਹਰਾਇਆ। ਇਸ ਸਾਲ ਦੇ ਸ਼ੁਰੂ ਵਿੱਚ ਤਿੰਨ ਸਿੱਧੀਆਂ ਹਾਰਾਂ ਮਗਰੋਂ ਓਸਤਾਪੈਂਕੋ ਦੀ 2019 ਵਿੱਚ ਪਹਿਲੀ ਜਿੱਤ ਹੈ, ਜਦੋਂਕਿ ਮਲੇਦਨੋਵਿਚ ਕੁਆਲੀਫਾਇਰ ਸਣੇ ਇਸ ਸਾਲ ਲਗਾਤਾਰ ਚਾਰ ਜਿੱਤਾਂ ਦਰਜ ਕਰ ਚੁੱਕੀ ਹੈ। ਓਸਤਾਪੈਂਕੋ ਦੀ ਟੱਕਰ ਹੁਣ ਅਨਾਸਤਾਸੀਆ ਪੇਲਿਉਚੈਂਕੋਵਾ ਨਾਲ ਹੈ, ਜਿਸ ਨੇ ਏਲੀਜ਼ ਕੋਰਨੈੱਟ ’ਤੇ 7-5, 7-6 (4) ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਯੂਲੀਆ ਜਾਰਜਿਜ਼ ਨੇ ਪਹਿਲੇ ਗੇੜ ਵਿੱਚ ਮਾਰੀਆ ਸੱਕਾਰੀ ਨੂੰ 6-2, 7-5 ਨਾਲ ਸ਼ਿਕਸਤ ਦਿੱਤੀ।