ਬੂਡਾਪੇਸਟ, 24 ਅਪਰੈਲ
ਭਾਰਤ ਦੀ ਕੁਆਲੀਫਾਇਰ ਖਿਡਾਰਨ ਸੁਤਿ੍ਤਾ ਮੁਖਰਜੀ ਨੇ ਆਈਟੀਟੀਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਅੱਜ ਇੱਥੇ ਵਿਸ਼ਵ ਰੈਂਕਿਗਜ਼ ਵਿੱਚ 58ਵੇਂ ਸਥਾਨ ’ਤੇ ਕਾਬਜ਼ ਜਰਮਨੀ ਦੀ ਸਬੀਨ ਵਿੰਟਰ ਨੂੰ 4-3 ਨਾਲ ਹਰਾ ਕੇ ਉਲਟ-ਫੇਰ ਕੀਤਾ, ਜਦੋਂਕਿ ਸਟਾਰ ਭਾਰਤੀ ਖਿਡਾਰਨ ਮਨਿਕਾ ਬੱਤਰਾ ਨੇ ਪਹਿਲੇ ਗੇੜ ਵਿੱਚ ਆਸਾਨ ਜਿੱਤ ਦਰਜ ਕੀਤੀ।
ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਮਨਿਕਾ ਨੇ ਸਰਬੀਆ ਦੀ ਆਂਦਰੇ ਤੋਦੋਰੋਵਿਚ ਨੂੰ 14-12, 11-5, 11-5, 11-8 ਨਾਲ ਸ਼ਿਕਸਤ ਦਿੱਤੀ। ਵਿਸ਼ਵ ਰੈਂਕਿੰਗਜ਼ ਵਿੱਚ 56ਵੇਂ ਸਥਾਨ ’ਤੇ ਕਾਬਜ਼ ਇਸ ਭਾਰਤੀ ਖਿਡਾਰਨ ਦੀ ਅਗਲੇ ਗੇੜ ਵਿੱਚ ਤਾਇਪੈ ਦੀ ਸ਼ੇਨ ਸਜ਼ੂ-ਯੂ ਨਾਲ ਟੱਕਰ ਹੋਵੇਗੀ। ਵਿਸ਼ਵ ਰੈਂਕਿੰਗਜ਼ ਵਿੱਚ 502ਵੇਂ ਸਥਾਨ ’ਤੇ ਕਾਬਜ਼ ਸੁਤਿ੍ਤਾ ਨੇ ਬੈਕ ਹੈਂਡ ਦੀ ਸ਼ਾਨਦਾਰ ਵਰਤੋਂ ਕਰਦਿਆਂ ਜਰਮਨੀ ਦੀ 26 ਸਾਲਾ ਖਿਡਾਰਨ ਨੂੰ 8-11, 17-15, 11-9, 5-11, 6-11, 11-8, 11-6 ਨਾਲ ਹਰਾਇਆ। 23 ਸਾਲ ਦੀ ਇਹ ਭਾਰਤੀ ਖਿਡਾਰਨ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਅਰਚਨਾ ਕਾਮਤ ਅਤੇ ਮਧੁਰਿਕਾ ਪਾਟਕਰ ਹਾਲਾਂਕਿ ਪਹਿਲੇ ਗੇੜ ਵਿੱਚ ਹਾਰ ਕੇ ਮਹਿਲਾ ਸਿੰਗਲਜ਼ ਮੁਕਾਬਲੇ ਤੋਂ ਬਾਹਰ ਹੋ ਗਈਆਂ।
ਅਰਚਨਾ ਇੱਕ ਸਮੇਂ ਦਿਨਾ ਮੇਸ਼ਰੇਫ਼ ਖ਼ਿਲਾਫ਼ 3-0 ਨਾਲ ਅੱਗੇ ਸੀ, ਪਰ ਮਿਸਰ ਦੀ ਖਿਡਾਰਨ ਨੇ ਸ਼ਾਨਦਾਰ ਵਾਪਸੀ ਕੀਤੀ। ਅਰਚਨਾ ਨੂੰ 11-8, 11-8, 19-17, 8-11, 6-11, 7-11, 4-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਧੁਰਿਕਾ ਨੂੰ ਆਸਟਰੀਆ ਦੀ ਖਿਡਾਰਨ ਅਮੇਲੀ ਸਲੋਜ਼ਾ ਨੇ 5-11, 11-9, 11-6, 8-11, 11-7, 13-11 ਨਾਲ ਹਰਾਇਆ।
ਇਸ ਤੋਂ ਪਹਿਲਾਂ ਮਨਿਕਾ ਅਤੇ ਅਰਚਨਾ ਦੀ ਜੋੜੀ ਮਹਿਲਾ ਡਬਲਜ਼ ਦੇ ਆਖ਼ਰੀ-32 ਦੇ ਗੇੜ ਵਿੱਚ ਪਹੁੰਚਣ ਵਿੱਚ ਸਫਲ ਰਹੀ, ਜਿਥੇ ਉਸ ਦੀ ਟੱਕਰ ਜਾਪਾਨ ਦੀ ਹੋਨੋਕਾ ਹਾਸ਼ਿਮੋਤੋ ਅਤੇ ਹਿਤੋਮਿ ਸਾਤੋ ਦੀ ਜੋੜੀ ਨਾਲ ਹੋਵੇਗੀ। ਮਹਿਲਾ ਡਬਲਜ਼ ਵਿੱਚ ਭਾਰਤ ਦੀ ਦੂਜੀ ਜੋੜੀ ਮਧੁਰਿਕਾ ਅਤੇ ਸੁਤਿ੍ਤਾ ਨੂੰ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ।