ਜਕਾਰਤਾ, ਅਚੰਤ ਸ਼ਰਤ ਕਮਲ ਅਤੇ ਮਨਿਕਾ ਬਤਰਾ ਦੀ ਭਾਰਤੀ ਜੋੜੀ ਨੇ ਇੱਥੇ 18ਵੀਆਂ ਏਸ਼ਿਆਈ ਖੇਡਾਂ ਵਿੱਚ ਅੱਜ ਟੇਬਲ ਟੈਨਿਸ ਮਿਕਸਡ ਡਬਲਜ਼ ਵਿੱਚ ਇਤਿਹਾਸਕ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਭਾਰਤ ਦਾ ਟੇਬਲ ਟੈਨਿਸ ਵਿੱਚ ਸਫ਼ਰ ਖ਼ਤਮ ਹੋ ਗਿਆ। ਕੱਲ੍ਹ ਕਮਲ ਦੀ ਹੀ ਅਗਵਾਈ ਵਿੱਚ ਪੁਰਸ਼ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਤਰ੍ਹਾਂ ਭਾਰਤ ਦੀ ਏਸ਼ਿਆਡ ਵਿੱਚ ਪਹਿਲਾ ਤਗ਼ਮਾ ਜਿੱਤਣ ਦੀ ਉਡੀਕ 60 ਸਾਲ ਬਾਅਦ ਖ਼ਤਮ ਹੋਈ ਸੀ।
ਅੱਜ ਕਮਲ ਅਤੇ ਮਨਿਕਾ ਨੇ ਇੱਕ ਦਿਨ ਵਿੱਚ ਚਾਰ ਮੈਚ ਖੇਡੇ ਅਤੇ ਮਲੇਸ਼ੀਆ ਖ਼ਿਲਾਫ਼ ਸ਼ੁਰੂਆਤੀ ਮੁਕਾਬਲਾ ਹੀ ਉਸ ਲਈ ਆਸਾਨ ਰਿਹਾ। ਕਮਲ ਨੇ ਹਾਲਾਂਕਿ ਟੂਰਨਾਮੈਂਟ ਦੇ ਪ੍ਰੋਗਰਾਮ ਦੀ ਵੀ ਆਲੋਚਨਾ ਕੀਤੀ। ਸੈਮੀ ਫਾਈਨਲ ਵਿੱਚ ਹਾਰਨ ਤੋਂ ਪਹਿਲਾਂ ਕਮਲ ਅਤੇ ਮਨਿਕਾ ਨੇ ਚੀਨ ਦੇ ਯਿੰਗਸ਼ਾ ਸੁਨ ਅਤੇ ਵਾਂਗ ਸੁਨ ਨੂੰ ਸਖ਼ਤ ਚੁਣੌਤੀ ਦਿੱਤੀ। ਭਾਰਤੀ ਜੋੜੀ ਨੂੰ ਅਖ਼ੀਰ 9-11, 5-11, 13-11, 4-11, 8-11 ਨਾਲ ਹਾਰ ਝੱਲਣੀ ਪਈ।
ਇਸ ਤੋਂ ਪਹਿਲਾਂ ਦੋਵਾਂ ਨੇ ਉਤਰ ਕੋਰੀਆ ਨੂੰ 3-2 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਸੀ। ਸ਼ਰਤ ਅਤੇ ਮਨਿਕਾ ਨੇ 38 ਮਿੰਟ ਤੱਕ ਚੱਲੇ ਦਿਲਚਸਪ ਮੁਕਾਬਲੇ ਵਿੱਚ ਜੀ ਸੋਂਗ ਐਨ ਅਤੇ ਹਯੋ ਸਿਮ ਚਾ ਦੀ ਕੋਰਿਆਈ ਜੋੜੀ ਨੂੰ 4-11, 12-10, 6-11, 11-6, 11-8 ਨਾਲ ਸ਼ਿਕਸਤ ਦਿੱਤੀ ਸੀ।