ਨਵੀਂ ਦਿੱਲੀ:ਭਾਰਤ ਦੇ ਸ਼ਰਤ ਕਮਲ ਤੇਜੀ. ਸਾਥਿਆਨ ਅਤੇ ਹਰਮੀਤ ਦੇਸਾਈ ਤੇ ਮਾਨਵ ਠਾਕੁਰ ਦੀਆਂ ਜੋੜੀਆਂ ਨੇ ਅੱਜ ਇੱਥੇ ਆਈਟੀਟੀਐੱਫ-ਏਟੀਟੀਯੂ ੲੇਸ਼ਿਆਈ ਚੈਂਪੀਅਨਸ਼ਿਪ-2021 ਦੇ ਪੁਰਸ਼ ਡਬਲਜ਼ ਵਰਗ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਹਨ। ਅੱਠਵਾਂ ਦਰਜ ਪ੍ਰਾਪਤ ਹਰਮੀਤ ਤੇ ਮਾਨਵ ਦੀ ਭਾਰਤੀ ਜੋੜੀ ਨੂੰ ਪਹਿਲੇ ਸੈਮੀ ਫਾਈਨਲ ’ਚ ਪੰਜਵਾਂ ਦਰਜਾ ਹਾਸਲ ਦੱਖਣੀ ਕੋਰੀਆ ਦੇ ਵੂਜਿਨ ਜੰਗ ਤੇ ਜੋਂਗਹੂਨ ਲਿਮ ਹੱਥੋਂ 4-11, 6-11, 12-10, 11-9, 8-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਸੈਮੀ ਫਾਈਨਲ ਵਿੱਚ ਸ਼ਰਤ ਅਤੇ ਸਾਥਿਆਨ ਨੇ ਜਾਪਾਨ ਦੇ ਯੁਕੀਆ ਉਦਾ ਅਤੇ ਸ਼ੁਨਸੁਕੇ ਤੋਗਾਮੀ ਦੀ ਜੋੜੀ ਨੂੰ ਸਖ਼ਤ ਟੱਕਰ ਦਿੱਤੀ ਪਰ 33 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਉਨ੍ਹਾਂ ਨੂੰ 5-11, 9-11, 11-13 ਨਾਲ ਹਾਰ ਨਸੀਬ ਹੋਈ। ਦੋਵੇਂ ਸੈਮੀ ਫਾਈਨਲ ਮੁਕਾਬਲਿਆਂ ’ਚ ਹਾਰ ਦੇ ਬਾਵਜੂਦ ਭਾਰਤੀ ਪੁਰਸ਼ਾਂ ਨੇ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਨੇ ਪਿਛਲੀ ਵਾਰ ਟੀਮ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ ਅਤੇ ਇਸ ਵਾਰ ਦੋਵਾਂ ਜੋੜੀਆਂ ਨੇ ਡਬਲਜ਼ ਵਰਗ ’ਚ ਕਾਂਸੀ ਦੇ ਤਗ਼ਮੇ ਜਿੱਤੇ ਹਨ।