ਸ਼ਾਰਜਾਹ, 29 ਅਕਤੂਬਰ
ਟੀ-20 ਵਿਸ਼ਵ ਕੱਪ ਦੇ ਰੌਮਾਂਚਕ ਮੁਕਾਬਲੇ ਵਿੱਚ ਅੱਜ ਇਥੇ ਵੈਸਟ ਇੰਡੀਜ਼ ਨੇ ਬੰਗਲਾਦੇਸ਼ ਨੂੰ ਤਿੰਨ ਦੌੜਾਂ ਨਾਲ ਹਰਾ ਦਿੱਤਾ। ਵੈਸਟ ਇੰਡੀਜ਼ ਨੇ ਟਾਸ ਹਾਰਨ ਦੇ ਬਾਵਜੂਦ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਦੇ ਨੁਕਸਾਨ ’ਤੇ 142 ਦੌੜਾਂ ਬਣਾਈਆਂ। ਟੀਮ ਦੇ ਖਿਡਾਰੀ ਨਿਕੋਲਸ ਪੂਰਨ ਨੇ ਸਭ ਤੋਂ ਵੱਧ 40 ਦੌੜਾਂ ਦਾ ਯੋਗਦਾਨ ਦਿੱਤਾ। ਬੰਗਲਾਦੇਸ਼ ਦੇ ਗੇਂਦਬਾਜ਼ ਮੇਹਦੀ ਹਸਨ, ਸ਼ੋਰਿਫੁਲ ਇਸਲਾਮ ਤੇ ਮੁਸਤਫਿਜੁਰ ਰਹਿਮਾਨ ਨੇ ਵੈਸਟ ਇੰਡੀਜ਼ ਦੇ 2-2 ਖਿਡਾਰੀ ਆਊਟ ਕੀਤੇ। ਇਸ ਮਗਰੋਂ 143 ਦੌੜਾਂ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਜਿੱਤ ਯਕੀਨੀ ਲੱਗ ਰਹੀ ਸੀ ਪਰ ਅਖੀਰਲੇ ਦੋ ਓਵਰਾਂ ਵਿੱਚ ਮੈਚ ਦੀ ਤਸਵੀਰ ਹੀ ਬਦਲ ਗਈ। ਬੰਗਲਾਦੇਸ਼ ਨੂੰ 12 ਗੇਂਦਾਂ ਵਿੱਚ 22 ਦੌੜਾ ਦੀ ਲੋੜ ਸੀ ਪਰ 19ਵੇਂ ਓਵਰ ਵਿੱਚ ਵੈਸਟ ਇੰਡੀਜ਼ ਦੇ ਗੇਂਦਬਾਜ਼ ਬ੍ਰਾਵੋ ਨੇ ਇਕ ਵਿਕਟ ਝਟਕਾਉਂਦਿਆਂ ਸਿਰਫ 9 ਦੌੜਾਂ ਹੀ ਦਿੱਤੀਆਂ। ਹੁਣ ਬੰਗਲਾਦੇਸ਼ ਨੂੰ ਜਿੱਤ ਲਈ 6 ਗੇਂਦਾਂ ’ਤੇ 13 ਦੌੜਾਂ ਦੀ ਲੋੜ ਸੀ ਪਰ ਟੀਮ 9 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਇਸ ਹਾਰ ਨਾਲ ਬੰਗਲਾਦੇਸ਼ ਟੀ-20 ਵਿਸ਼ਵ ਕੱਪ ਦੀ ਸੈਮੀਫਾਈਲਨ ਮੁਕਾਬਲੇ ਵਿੱਚੋਂ ਬਾਹਰ ਹੋ ਗਿਆ ਹੈ। ਵੈਸਟਇੰਡੀਜ਼ ਦੇ ਨਿਕੋਲਸ ਪੂਰਨ (40) ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ ਹੈ। ਸਕੋਰ ਇਸ ਤਰ੍ਹਾਂ ਰਿਹਾ: ਵੈਸਟ ਇੰਡੀਜ਼ 142 ਦੌੜਾਂ ’ਤੇ 7 ਆਊਟ। ਬੰਗਲਾਦੇਸ਼: 139 ਦੌੜਾਂ ’ਤੇ ਪੰਜ ਆਊਟ।