ਦੁਬਈ, 2 ਜਨਵਰੀ
ਬੰਗਲਾਦੇਸ਼ ਆਪਣੀ ਘੱਟ ਰੈਕਿੰਗ ਕਾਰਨ ਪੁਰਸ਼ ਟਵੰਟੀ-20 ਵਿਸ਼ਵ ਕੱਪ ਦੇ ਵਿਚ ਸਿੱਧਾ ਕੁਆਲੀਫਾਈ ਕਰਨ ਤੋਂ ਰਹਿ ਗਿਆ ਹੈ। ਹੁਣ ਉਸ ਨੂੰ 2020 ਦੇ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਦੇ ਵਿਚ ਥਾਂ ਬਣਾਉਣ ਦੇ ਲਈ ਗਰੁੱਪ ਗੇੜ ਦੇ ਮੁਕਾਬਲੇ ਖੇਡਣੇ ਪੈਣਗੇ। ਸਾਬਕਾ ਚੈਂਪੀਅਨ ਸ੍ਰੀਲੰਕਾ ਵੀ ਕੁਆਲੀਫਾਈ ਕਰਨ ਤੋਂ ਰਹਿ ਗਿਆ ਹੈ।
ਅੰਤਰਰਾਸ਼ਟਰੀ ਕਿ੍ਰਕਟ ਕੌਸਲ ਵੱਲੋਂ ਵਿਸ਼ਵ ਕੱਪ ਦੇ ਸੁਪਰ-12 ਲਈ ਸਿੱਧਾ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਦਾ ਐਲਾਨ ਕੀਤਾ ਗਿਆ। ਦਰਜਾਬੰਦੀ ਅਨੁਸਾਰ ਪਾਕਿਸਤਾਨ, ਭਾਰਤ, ਇੰਗਲੈਂਡ, ਆਸਟਰੇਲੀਆ,ਦੱਖਣੀ ਅਫਰੀਕਾ, ਨਿਊਜ਼ੀਲੈਂਡ, ਵੈਸਟ ਇੰਡੀਜ਼ ਅਤੇ ਅਫਗਾਨਿਸਤਾਨ ਸ਼ਾਮਲ ਹਨ ਪਰ ਸਾਬਕਾ ਚੈਂਪੀਅਨ ਤੇ ਤਿੰਨ ਵਾਰ ਦੀ ਉਪ ਜੇਤੂ ਟੀਮ ਸ੍ਰੀਲੰਕਾ ਕੁਆਲੀਫਾਈ ਕਰਨ ਤੋਂ ਰਹਿ ਗਈ ਹੈ। ਵਿਸ਼ਵ ਕੱਪ 18 ਅਕਤੂਬਰ ਤੋਂ 15 ਨਵੰਬਰ 2020 ਤੱਕ ਆਸਟਰੇਲੀਆ ਵਿਚ ਖੇਡਿਆ ਜਾਵੇਗਾ। ਨਿਯਮਾਂ ਦੇ ਅਨੁਸਾਰ ਸਿਖ਼ਰਲੀਆਂ ਅੱਠ ਟੀਮਾਂ ਨੂੰ ਸਿੱਧੀ ਸੁਪਰ-12 ਦੇ ਵਿਚ ਥਾਂ ਮਿਲਦੀ ਹੈ ਜਦੋਂ ਕਿ ਬਾਕੀ ਦੋ ਟੀਮਾਂ ਨੂੰ ਗਰੁੱਪ ਗੇੜ ਦੇ ਵਿਚ ਹੋਰਨਾਂ ਟੀਮਾਂ ਦੇ ਨਾਲ ਖੇਡਣਾ ਪੈਂਦਾ ਹੈ। ਗਰੁੱਪ ਗੇੜ ਦੀਆਂ ਬਾਕੀ ਟੀਮਾਂ ਦਾ ਫੈਸਲਾ 2019 ਵਿਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਕੁਆਲੀਫਿਕੇਸ਼ਨ ਨਾਲ ਹੋਵੇਗਾ। ਗਰੁੱਪ ਗੇੜ ਵਿਚੋਂ ਚਾਰ ਟੀਮਾਂ ਸੁਪਰ-12 ਦੇ ਵਿਚ ਜਗ੍ਹਾ ਬਣਾਉਣਗੀਆਂ।
ਸ੍ਰੀਲੰਕਾ ਦੇ ਕਪਤਾਨ ਲਾਸ਼ਿਤ ਮਲਿੰਗਾ ਨੇ ਨਿਰਾਸ਼ਾ ਪ੍ਰਗਟ ਕੀਤੀ ਕਿ 2014 ਦਾ ਚੈਂਪੀਅਨ ਸੁਪਰ-12 ਦੇ ਵਿਚ ਜਗ੍ਹਾ ਬਣਾਉਣ ਤੋਂ ਰਹਿ ਗਿਆ ਹੈ ਪਰ ਉਸ ਨੂੰ ਟੂਰਨਾਮੈਂਟ ਦੇ ਵਿਚ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਹੈ। ਮਲਿੰਗਾ ਨੇ ਕਿਹਾ,‘ ਇਹ ਥੋੜ੍ਹਾ ਨਿਰਾਸ਼ਾਜਨਕ ਹੈ ਕਿ ਅਸੀਂ ਸਿੱਧੀ ਥਾਂ ਨਹੀਂ ਬਣਾ ਸਕੇ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਟੂਰਨਾਮੈਂਟ ਦੇ ਵਿਚ ਚੰਗਾ ਪ੍ਰਦਰਸ਼ਨ ਕਰਾਂਗੇ। ਬੰਗਲਾਦੇਸ਼ ਦੇ ਕਪਤਾਨ ਸਾਕਿਬ ਹਸਨ ਨੇ ਕਿਹਾ ਕਿ ਹਾਲੀਆ ਪ੍ਰਦਰਸ਼ਨ ਨਾਲ ਟੀਮ ਦਾ ਹੌਸਲਾ ਵਧਿਆ ਹੈ ਅਤੇ ਖਿਡਾਰੀ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਉਸਨੂੰ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਟੀਮ ਟੂਰਨਾਮੈਂਟ ਵਿਚ ਟੀਮ ਅੱਗੇ ਨਾ ਵਧ ਸਕੇ। ਅਜੇ ਸਮਾਂ ਹੈ ਅਤੇ ਅਸੀਂ ਇਸਦੇ ਲਈ ਤਿਆਰੀ ਕਰਾਂਗੇ। ਅਸੀਂ ਵੈਸਟ ਇੰਡੀਜ਼ ਵਿਰੁੱਧ ਟਵੰਟੀ-20 ਲੜੀ ਜਿੱਤੀ ਹੈ, ਜੋ ਵਿਸ਼ਵ ਚੈਂਪੀਅਨ ਰਿਹਾ ਹੈ।