ਪਰਥ, 25 ਫਰਵਰੀ
ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਅਤੇ ਜੇਮੀਮ੍ਹਾ ਰੌਡਰਿਗਜ਼ ਦੀਆਂ ਸ਼ਾਨਦਾਰ ਪਾਰੀਆਂ ਮਗਰੋਂ ਪੂਨਮ ਯਾਦਵ ਦੀ ਫ਼ਿਰਕੀ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਗਰੁੱਪ ‘ਏ’ ਮੈਚ ਵਿੱਚ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਭਾਰਤ ਦੇ 143 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ ਲੈੱਗ ਸਪਿੰਨਰ ਪੂਨਮ ਯਾਦਵ (18 ਦੌੜਾਂ ਦੇ ਕੇ ਤਿੰਨ ਵਿਕਟਾਂ), ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ (14 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਅਰੁੰਧਤੀ ਰੈੱਡੀ (33 ਦੌੜਾਂ ਦੇ ਕੇ ਦੋ ਵਿਕਟਾਂ) ਦੀ ਧਾਰਦਾਰ ਗੇਂਦਬਾਜ਼ੀ ਸਾਹਮਣੇ ਅੱਠ ਵਿਕਟਾਂ ’ਤੇ 124 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਵੱਲੋਂ ਵਿਕਟਕੀਪਰ ਬੰਲੇਬਾਜ਼ ਨਿਗਾਰ ਸੁਲਤਾਨਾ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ, ਜਦਕਿ ਸਲਾਮੀ ਬੱਲੇਬਾਜ਼ ਮੁਰਸ਼ਿਦਾ ਖ਼ਾਤੁਨ ਨੇ 30 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (39 ਦੌੜਾਂ) ਅਤੇ ਜੇਮੀਮ੍ਹਾ ਰੌਡਰਿਗਜ਼ (34 ਦੌੜਾਂ) ਤੋਂ ਇਲਾਵਾ ਵੇਦਾ ਕ੍ਰਿਸ਼ਨਾਮੂਰਤੀ (ਨਾਬਾਦ 20 ਦੌੜਾਂ) ਦੀਆਂ ਪਾਰੀਆਂ ਦੀ ਮਦਦ ਨਾਲ ਛੇ ਵਿਕਟਾਂ ਗੁਆ ਕੇ 142 ਦੌੜਾਂ ਬਣਾਈਆਂ। ਟੀਮ ਹਾਲਾਂਕਿ ਆਖ਼ਰੀ ਪੰਜ ਓਵਰਾਂ ਵਿੱਚ 35 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਵੱਲੋਂ ਪੰਨਾ ਘੋੋਸ਼ ਅਤੇ ਸਲਮਾ ਖਾਤੁਨ ਨੇ 25-25 ਦੌੜਾਂ ਦੇ ਕੇ ਦੋ-ਦੋ ਵਿਕਟਾਂ ਝਟਕਾਈਆਂ।
ਟੀਚੇ ਦਾ ਪਿੱਛਾ ਕਰਨ ਉਤਰੇ ਬੰਗਲਾਦੇਸ਼ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ ਦੂਜੇ ਓਵਰ ਵਿੱਚ ਹੀ ਸ਼ਮੀਮਾ ਸੁਲਤਾਨਾ (ਤਿੰਨ ਦੌੜਾਂ) ਦੀ ਵਿਕਟ ਗੁਆ ਲਈ, ਜਿਸ ਨੇ ਸ਼ਿਖਾ ਦੀ ਗੇਂਦ ’ਤੇ ਦੀਪਤੀ ਨੂੰ ਕੈਚ ਦੇ ਦਿੱਤਾ। ਮੁਰਸ਼ਿਦਾ ਨੇ ਤੀਜੇ ਓਵਰ ਵਿੱਚ ਦੀਪਤੀ ਨੂੰ ਤਿੰਨ ਚੌਕੇ ਜੜੇ। ਮੁਰਸ਼ਿਦਾ ਨੇ ਸੰਜੀਦਾ ਇਸਲਾਮ ਨਾਲ ਮਿਲ ਕੇ ਪਾਵਰ ਪਲੇਅ ਵਿੱਚ ਟੀਮ ਦਾ ਸਕੋਰ ਇੱਕ ਵਿਕਟ ’ਤੇ 33 ਦੌੜਾਂ ਤੱਕ ਪਹੁੰਚਾਇਆ। ਤੇਜ਼ ਗੇਂਦਬਾਜ਼ ਅਰੁੰਧਤੀ ਨੇ ਮੁਰਸ਼ਿਦਾ ਨੂੰ ਆਊਟ ਕੀਤਾ। ਆਸਟਰੇਲੀਆ ਖ਼ਿਲਾਫ਼ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਪੂਨਮ ਨੇ ਸੰਜੀਦਾ (ਦਸ ਦੌੜਾਂ) ਨੂੰ ਵਿਕਟਕੀਪਰ ਤਾਨੀਆ ਭਾਟੀਆ ਹੱਥੋਂ ਕੈਚ ਕਰਵਾਇਆ। ਅਰੁੰਧਤੀ ਨੇ ਅਗਲੇ ਓਵਰ ਵਿੱਚ ਫਰਗਾਨਾ ਹੱਕ (ਸਿਫ਼ਰ) ਨੂੰ ਵੀ ਤਾਨੀਆ ਹੱਥੋਂ ਕੈਚ ਕਰਵਾਇਆ। ਬੰਗਲਾਦੇਸ਼ ਨੂੰ ਪੰਜ ਓਵਰਾਂ ਜਿੱਤ ਲਈ 49 ਦੌੜਾਂ ਦੀ ਲੋੜ ਸੀ। ਪੂਨਮ ਨੇ ਫਾਹਿਮਾ ਖ਼ਾਤੁਮ ਨੂੰ ਸੈਫਾਲੀ ਹੱਥੋਂ, ਜਦਕਿ ਅਗਲੇ ਓਵਰ ਵਿੱਚ ਰਾਜੇਸ਼ਵਰੀ ਨੇ ਨਿਗਾਰ ਨੂੰ ਪੈਵਿਲੀਅਨ ਭੇਜ ਕੇ ਭਾਰਤ ਦਾ ਪੱਲੜਾ ਭਾਰੀ ਕੀਤਾ।