ਮੁੰਬਈ, ਇੱਥੋਂ ਦੇ ਵਾਨਖੇੜੇ ਸਟੇਡੀਅਮ ’ਚ ਅੱਜ ਖੇਡੇ ਗਏ ਤਿੰਨ ਮੈਚਾਂ ਦੀ ਟੀ-20 ਲੜੀ ਦੇ ਆਖਰੀ ਮੁਕਾਬਲੇ ’ਚ ਭਾਰਤ ਨੇ ਸ੍ਰੀਲੰਕਾ ’ਤੇ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ। ਸ੍ਰੀਲੰਕਾ ਨੇ ਸੱਦਾ ਮਿਲਣ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਦੇ ਗੁਆ ਕੇ 135 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਭਾਰਤ ਨੇ 19.2 ਓਵਰਾਂ ’ਚ ਪੰਜ ਵਿਕਟਾਂ ਗੁਆ ਕੇ 1139 ਦੌੜਾਂ ਬਣਾ ਲਈਆਂ।
ਟੀਚੇ ਪਿੱਛਾ ਕਰਨ ਮੈਦਾਨ ’ਤੇ ਉੱਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਜਲਦੀ ਹੀ ਲੱਗ ਗਿਆ ਜਦੋਂ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਸਿਰਫ਼ ਚਾਰ ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਕੁਝ ਚੰਗੇ ਸ਼ਾਟ ਲਾਏ, ਪਰ ਉਹ ਕਪਤਾਨੀ ਪਾਰੀ ਖੇਡਣ ’ਚ ਨਾਕਾਮ ਰਿਹਾ। ਰੋਹਿਤ ਨੇ 20 ਗੇਂਦਾਂ ’ਚ ਚਾਰ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 29 ਦੌੜਾਂ ਬਣਾਈਆਂ। ਰੋਹਿਤ ਤੋਂ ਬਾਅਦ ਸ਼੍ਰੇਆਸ ਅਈਅਰ (30) ਤੇ ਮਨੀਸ਼ ਪਾਂਡੇ ਨੇ ਪਾਰੀ ਸੰਭਾਲੀ। ਉਨ੍ਹਾਂ ਦੋਵਾਂ ਨੇ ਮਿਲ ਕੇ ਟੀਮ ਦਾ ਸਕੋਰ 81 ਦੌੜਾਂ ਤੱਕ ਪਹੁੰਚਾਇਆ। ਇਸੇ ਦੌਰਾਨ ਅਈਅਰ ਰਨ ਆਊਟ ਹੋ ਗਿਆ। ਉਸ ਨੇ ਆਪਣੀ ਪਾਰੀ ਦੌਰਾਨ ਇੱਕ ਚੌਕਾ ਤੇ ਇੱਕ ਛੱਕਾ ਜੜਿਆ। ਉਸ ਤੋਂ ਬਾਅਦ ਖੇਡਣ ਆਇਆ ਹਾਰਦਿਕ ਪਾਂਡਿਆ ਵੀ ਚਾਰ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਭਾਰਤ ਵੱਲੋਂ ਮਨੀਸ਼ ਪਾਂਡੇ ਨੇ ਸਭ ਤੋਂ ਸ਼ਾਨਦਾਰ ਪਾਰੀ ਖੇਡੀ ਉਸ ਨੇ 29 ਗੇਂਦਾਂ ’ਚ ਚਾਰ ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾਈਆਂ। ਦਿਨੇਸ਼ ਕਾਰਤਿਕ (12 ਗੇਂਦਾਂ ’ਚ 18 ਦੌੜਾਂ) ਤੇ ਮਹਿੰਦਰ ਸਿੰਘ ਧੋਨੀ (10 ਗੇਂਦਾਂ ’ਚ 16 ਦੌੜਾਂ) ਨੇ ਨਾਬਾਦ ਰਹਿੰਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਸ੍ਰੀਲੰਕਾ ਵੱਲੋਂ ਚਮੀਰਾ ਤੇ ਸ਼ਨਾਕਾ ਨੇ 2-2 ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਅਸੇਲਾ ਗੁਣਾਰਤਨੇ (36) ਅਤੇ ਦਾਸੁਨ ਸ਼ਨਾਕਾ (ਨਾਬਾਦ 29) ਦੀਆਂ ਪਾਰੀਆਂ ਦੀ ਬਦੌਲਤ ਸ੍ਰੀਲੰਕਾ ਨੇ ਭਾਰਤ ਖ਼ਿਲਾਫ਼ ਤੀਜੇ ਤੇ ਆਖਰੀ ਟੀ-20 ਮੈਚ ’ਚ ਸੱਤ ਵਿਕਟਾਂ ’ਤੇ 135 ਦੌੜਾਂ ਦਾ ਸਕੋਰ ਬਣਾਇਆ।
ਮੇਜ਼ਬਾਨ ਭਾਰਤ ਨੇ ਇੱਥੇ ਵਾਨਖੇੜੇ ਸਟੇਡੀਅਮ ’ਚ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਉਸ ਦੇ ਗੇਂਦਬਾਜ਼ਾਂ ਨੇ ਇਸ ਫ਼ੈਸਲੇ ਨੂੰ ਸਹੀ ਸਾਬਿਤ ਕਰਦਿਆਂ 72 ਦੌੜਾਂ ’ਤੇ ਹੀ ਸ੍ਰੀਲੰਕਾ ਦੇ ਪੰਜ ਖਿਡਾਰੀਆਂ ਨੂੰ ਪੈਵੇਲੀਅਨ ਭੇਜ ਦਿੱਤਾ। ਵਿਕਟ ਕੀਪਰ ਨਿਰੋਸ਼ਨ ਡਿਕਵੇਲਾ ਨੇ ਛੇ ਗੇਂਦਾਂ ’ਤੇ ਇੱਕ, ਉਪੁਲ ਤਰੰਗਾ ਨੇ 11 ਗੇਂਦਾਂ ’ਤੇ ਦੋ ਚੌਕਿਆਂ ਦੀ ਮਦਦ ਨਾਲ 11, ਕੁਸ਼ਲ ਪਰੇਰਾ ਨੇ ਚਾਰ ਗੇਂਦਾਂ ’ਤੇ ਇੱਕ ਚੌਕੇ ਦੀ ਬਦੌਲਤ ਚਾਰ ਅਤੇ ਸਦੀਰਾ ਸਮਰਾਵਿਕਰਮਾ ਨੇ 17 ਗੇਂਦਾਂ ’ਤੇ ਤਿੰਨ ਚੌਕਿਆਂ ਦੇ ਸਹਾਰੇ 21 ਦੌੜਾਂ ਬਣਾਈਆਂ। ਅਸੇਲਾ ਗੁਣਾਰਤਨੇ (36) ਨੇ ਸਮਰਾਵਿਕਰਮਾ ਨਾਲ ਚੌਥੀ ਵਿਕਟ ਲਈ 36 ਦੌੜਾਂ ਦੀ ਭਾਈਵਾਲੀ ਕੀਤੀ, ਪਰ ਹਾਰਦਿਕ ਪਾਂਡਿਆ ਨੇ ਸਮਰਾਵਿਕਰਮਾ ਨੂੰ ਆਊਟ ਕਰਕੇ ਇਸ ਭਾਈਵਾਲੀ ਦਾ ਅੰਤ ਕੀਤਾ। ਗੁਣਾਰਤਨੇ ਨੇ 37 ਗੇਂਦਾਂ ’ਚ 36 ਦੌੜਾਂ ਦੀ ਪਾਰੀ ਦੌਰਾਨ ਤਿੰਨ ਚੌਕੇ ਲਾਏ ਕਪਤਾਨ ਤਿਸਾਰਾ ਪਰੇਰਾ ਨੇ 11, ਦਾਸੁਨ ਸ਼ਨਾਕਾ ਨੇ ਦੋ ਛੱਕਿਆਂ ਦੀ ਮਦਦ ਨਾਲ 29 ਅਤੇ ਅਕਿਲਾ ਧਨੰਜੈ ਨੇ ਸੱਤ ਗੇਂਦਾਂ ’ਚ 11 ਦੌੜਾਂ ਬਣਾਈ। ਭਾਰਤ ਲਈ ਉਨਾਦਕਟ ਨੇ ਦੋ, ਆਲਰਾਊਂਡਰ ਹਾਰਦਿਕ ਨੇ ਦੋ, ਪਹਿਲਾ ਮੈਚ ਖੇਡਣ ਵਾਲੇ ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ ਤੇ ਕੁਲਦੀਪ ਯਾਦਵ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।