ਰਾਂਚੀ, 6 ਅਕਤੂਬਰ
ਇੱਕ ਰੋਜ਼ਾ ਲੜੀ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਲੰਬੀ ਬਰੇਕ ਨੂੰ ਆਸਟਰੇਲੀਆ ਲਈ ਚੰਗਾ ਦੱਸਦਿਆਂ ਨੌਜਵਾਨ ਤੇਜ਼ ਗੇਂਦਬਾਜ਼ ਜੇਸਨ ਬੈਰੈਂਡੌਰਫ਼ ਨੇ ਕਿਹਾ ਕਿ ਆਸਟਰੇਲੀਆ ਦੀ ਟੀਮ ਨਵੀਂ ਉੂਰਜਾ ਨਾਲ ਭਾਰਤ ਖ਼ਿਲਾਫ਼ ਟੀ-20 ਲੜੀ ਵਿੱਚ ਉੱਤਰੇਗੀ।
ਭਾਰਤ ਨੇ ਆਸਟਰੇਲੀਆ ਨੂੰ ਇੱਕ ਰੋਜ਼ਾ ਲੜੀ ਵਿੱਚ 4-1 ਨਾਲ ਹਰਾਇਆ ਹੈ। ਨਾਗਪੁਰ ਵਿੱਚ ਆਖਰੀ ਇੱਕ-ਰੋਜ਼ਾ ਦੇ ਨੌਂ ਦਿਨਾਂ ਬਾਅਦ ਦੋਵੇਂ ਟੀਮਾਂ 7 ਅਕਤੂਬਰ ਨੂੰ ਇੱਥੇ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਖੇਡਣਗੀਆਂ। ਇਸ ਆਸਟਰੇਲੀਅਨ ਖਿਡਾਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਦੀ ਟੀਮ ਦਾ ਹੌਸਲਾ ਟੁੱਟਿਆ ਹੋਇਆ ਹੈ। ਉਸ ਨੇ ਕਿਹਾ, ‘ਟੀਮ ਦੇ ਹੌਸਲੇ ਬੁਲੰਦ ਹਨ, ਸਾਨੂੰ ਲੰਬੀ ਬਰੇਕ ਮਿਲੀ ਹੈ, ਜਿਸ ਸਦਕਾ ਅਸੀਂ ਪੂੁਰੀ ਊਰਜਾ ਨਾਲ ਚੰਗਾ ਪ੍ਰਦਰਸ਼ਨ ਕਰਨ ਉੱਤਰਾਂਗੇ। ਸਾਡਾ ਪੂਰਾ ਫੋਕਸ ਸਕਾਰਾਤਮਕ ਸੋਚ ਨਾਲ ਚੰਗਾ ਪ੍ਰਦਰਸ਼ਨ ਕਰਨ ’ਤੇ ਹੋਵੇਗਾ।’ ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਭਾਰਤ ਖ਼ਿਲਾਫ਼ ਟੀ-20 ਵਿੱਚ ਰਿਕਾਰਡ ਖ਼ਰਾਬ ਹੋਣ ਕਾਰਨ ਟੀਮ ਉੱਪਰ ਕੋਈ ਵਾਧੂ ਦਬਾਅ ਹੈ। ਉਸ ਨੇ ਕਿਹਾ, ‘ਅਜਿਹਾ ਕੁਝ ਨਹੀਂ ਹੈ, ਖ਼ਰਾਬ ਪ੍ਰਦਰਸ਼ਨ ਅਤੀਤ ਦੀ ਗੱਲ ਹੈ। ਇਹ ਨਵਾਂ ਮੈਚ ਤੇ ਨਵੀਂ ਲੜੀ ਹੈ, ਸਾਡਾ ਪੂਰਾ ਧਿਆਨ ਅਗਲੇ ਤਿੰਨ ਮੈਚਾਂ ’ਤੇ ਹੈ। ਅਸੀਂ ਮੈਦਾਨ ਫ਼ਤਹਿ ਕਰ ਕੇ ਵਤਨ ਪਰਤਣਾ ਚਾਹੁੰਦੇ ਹਾਂ।’
ਤੇਜ਼ ਗੇਂਦਬਾਜ਼ ਜੇਮਜ਼ ਪੈਟਿਨਸਨ ਸੱਟ ਕਾਰਨ ਟੀਮ ’ਚੋਂ ਬਾਹਰ ਹੈ, ਜਿਸ ਕਾਰਨ ਬੈਰੈਂਡੌਰਫ਼ ਨੂੰ ਆਪਣੀ ਸ਼ੁਰੂਆਤ ਕਰਨ ਦਾ ਮੌਕਾ ਮਿਲ ਸਕਦਾ ਹੈ। ਪੱਛਮੀ ਆਸਟਰੇਲੀਆ ਦੇ ਇਸ ਤੇਜ਼ ਗੇਂਦਬਾਜ਼ ਨੇ ਕਿਹਾ, ‘ ਮੈਂ ਜੇਮਜ਼ ਲਈ ਬਹੁਤ ਦੁਖੀ ਹਾਂ, ਜਿਹੜਾ ਬਹੁਤ ਮਹਿਨਤੀ ਹੈ ਪਰ ਕੁਝ ਚੀਜ਼ਾਂ ਤੁਹਾਡੇ ਵੱਸ ਵਿੱਚ ਨਹੀਂ ਹੁੰਦੀਆਂ। ਮੈਂ ਮੌਕਾ ਮਿਲਣ ’ਤੇ ਸਰਬੋਤਮ ਪ੍ਰਦਰਸ਼ਨ ਕਰਨਾ ਚਾਹਾਂਗਾ।’













