ਕੇਪਟਾਊਨ, 27 ਫਰਵਰੀ
ਸਲਾਮੀ ਬੱਲੇਬਾਜ਼ ਬੈੱਥ ਮੂਨੀ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਮੇਜ਼ਬਾਨ ਦੱਖਣੀ ਅਫਰੀਕਾ ਨੂੰ 19 ਦੌੜਾਂ ਨਾਲ ਹਰਾ ਕੇ ਲਗਾਤਾਰ ਤੀਸਰੀ ਤੇ ਕੁੱਲ ਛੇਵੀਂ ਵਾਰ ਖ਼ਿਤਾਬ ਆਪਣੇ ਨਾਮ ਕੀਤਾ। ਆਸਟਰੇਲੀਆ ਤੋਂ ਇਲਾਵਾ ਕੋਈ ਹੋਰ ਟੀਮ ਇੱਕ ਤੋਂ ਵੱਧ ਖ਼ਿਤਾਬ ਨਹੀਂ ਜਿੱਤ ਸਕੀ ਹੈ। ਆਸਟਰੇਲਿਆਈ ਟੀਮ ਇਸ ਤੋਂ ਪਹਿਲਾਂ 2010, 2012, 2014, 2018 ਅਤੇ 2020 ਵਿੱਚ ਖ਼ਿਤਾਬ ਜਿੱਤ ਚੁੱਕੀ ਹੈ।
ਮੂਨੀ ਨੂੰ ‘ਪਲੇਅਰ ਆਫ ਦਿ ਮੈਚ’ ਅਤੇ ਐਸ਼ਲੇ ਗਾਰਡਨਰ ਨੂੰ ‘ਪਲੇਅਰ ਆਫ ਦਿ ਸੀਰੀਜ਼’ ਐਲਾਨਿਆ ਗਿਆ। ਮੂਨੀ ਨੇ ਨਾਬਾਦ 73 ਦੌੜਾਂ (53 ਗੇਂਦਾਂ) ਦੀ ਪਾਰੀ ਖੇਡੀ। ਉਸ ਨੇ ਅਲਾਇਸਾ ਹੀਲੀ (18 ਦੌੜਾਂ) ਨਾਲ ਪਹਿਲੀ ਵਿਕਟ ਲਈ 36 ਦੌੜਾਂ ਤੇ ਐਸ਼ਲੇ (29) ਨਾਲ ਦੂਜੀ ਵਿਕਟ ਲਈ 46 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤਰ੍ਹਾਂ ਆਸਟਰੇਲੀਆ ਨੇ ਛੇ ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਸਲਾਮੀ ਬੱਲੇਬਾਜ਼ ਲੌਰਾ ਵੋਲਵਾਰਟ ਦੀਆਂ 61 ਦੌੜਾਂ (48 ਗੇਂਦਾਂ) ਦੀ ਪਾਰੀ ਦੇ ਬਾਵਜੂਦ ਛੇ ਵਿਕਟਾਂ ’ਤੇ 137 ਦੌੜਾਂ ਹੀ ਬਣਾ ਸਕੀ।
ਵੋਲਵਾਰਟ ਤੋਂ ਇਲਾਵਾ ਦੱਖਣੀ ਅਫਰੀਕਾ ਵੱਲੋਂ ਸਿਰਫ਼ ਕਲੋਅ ਟੀ. ਨੇ ਸਭ ਤੋਂ ਵੱਧ 25 ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਨੇ ਚੌਥੀ ਵਿਕਟ ਲਈ 55 ਦੌੜਾਂ ਜੋੜੀਆਂ। ਆਸਟਰੇਲੀਆ ਵੱਲੋਂ ਐਸ਼ਲੇ, ਮੈਗਨ ਸ਼ਟ ਅਤੇ ਡਾਰਸੀ ਬਰਾਊਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਇੱਕ ਇੱਕ ਵਿਕਟ ਲਈ। ਪਹਿਲੀ ਵਾਰ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਖੇਡ ਰਹੀ ਦੱਖਣੀ ਅਫਰੀਕਾ ਦੀ ਟੀਮ ਨੇ ਟੀਚੇ ਦਾ ਪਿੱਛਾ ਕਰਦਿਆਂ ਪੰਜਵੇਂ ਓਵਰ ਵਿੱਚ ਹੀ ਤਾਜ਼ਮਿਨ ਬ੍ਰਿਟਸ ਦੀ ਵਿਕਟ ਗੁਆ ਲਈ। ਉਸ ਨੇ ਦਸ ਦੌੜਾਂ ਬਣਾਉਣ ਮਗਰੋਂ ਬਰਾਊਨ ਦੀ ਗੇਂਦ ’ਤੇ ਤਾਹਲੀਆ ਮੈਕਗ੍ਰਾਅ ਨੂੰ ਕੈਚ ਦੇ ਦਿੱਤਾ। ਮੇਜ਼ਬਾਨ ਟੀਮ ਪਾਵਰ ਪਲੇਅ ਵਿੱਚ ਇੱਕ ਵਿਕਟ ਗੁਆ ਕੇ 22 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਦੇ ਗੇਂਦਬਾਜ਼ਾਂ ਨੇ ਲਗਾਤਾਰ ਦੱਖਣੀ ਅਫਰੀਕੀ ਬੱਲੇਬਾਜ਼ਾਂ ’ਤੇ ਦਬਾਅ ਬਣਾਈ ਰੱਖਿਆ। ਵੋਲਵਾਰਟ ਨੇ ਬਰਾਊਨ ਦੀ ਗੇਂਦ ’ਤੇ ਚੌਕਾ ਜੜ ਕੇ 43 ਗੇਂਦਾਂ ਵਿੱਚ ਨੀਮ ਸੈਂਕੜਾ ਪੂਰਾ ਕੀਤਾ। ਦੱਖਣੀ ਅਫਰੀਕਾ ਨੂੰ ਆਖ਼ਰੀ ਪੰਜ ਓਵਰਾਂ ਵਿੱਚ ਜਿੱਤ ਲਈ 59 ਦੌੜਾਂ ਦੀ ਲੋੜ ਸੀ, ਜਦਕਿ ਐਸ਼ਲੇ ਦੇ 16ਵੇਂ ਓਵਰ ਵਿੱਚ ਸਿਰਫ਼ ਛੇ ਦੌੜਾਂ ਹੀ ਬਣੀਆਂ। ਕਲੋਅ ਨੇ ਅਗਲੇ ਓਵਰ ਵਿੱਚ ਮੈਗਨ ਸ਼ਟ ਦੀ ਗੇਂਦ ’ਤੇ ਚੌਕਾ ਜੜਿਆ। ਤੇਜ਼ ਗੇਂਦਬਾਜ਼ ਸ਼ਟ ਨੇ ਵੋਲਵਾਰਟ ਨੂੰ ਐੱਲਬੀਡਬਲਿਊ ਆਊਟ ਕਰ ਕੇ ਮੇਜ਼ਬਾਨ ਟੀਮ ਨੂੰ ਵੱਡੀ ਸੱਟ ਮਾਰੀ। ਇਸ ਤੋਂ ਬਾਅਦ ਕਲੋਅ ਵੀ ਆਊਟ ਹੋ ਗਈ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਦੀ ਬਚੀ-ਖੁਚੀ ਉਮੀਦ ਵੀ ਟੁੱਟ ਗਈ। ਏ. ਬੋਸ਼ (ਇੱਕ) ਵੀ ਇਸੇ ਓਵਰ ਵਿੱਚ ਰਨ ਆਊਟ ਹੋ ਗਈ।