ਕੁਆਲਾਲੰਪੁਰ, 27 ਜੁਲਾਈ
ਮਲੇਸ਼ੀਆ ਦੇ ਤੇਜ਼ ਗੇਂਦਬਾਜ਼ ਸਿਆਜ਼ਰੁਲ ਇਦਰੁਸ ਨੇ ਟੀ-20 ਵਿਸ਼ਵ ਕੱਪ ਏਸ਼ੀਆ-ਬੀ ਕੁਆਲੀਫਾਇਰ ਦੇ ਉਦਘਾਟਨੀ ਮੈਚ ਵਿੱਚ ਚੀਨ ਖ਼ਿਲਾਫ਼ 7 ਵਿਕਟਾਂ ਲੈ ਕੇ ਕੌਮਾਂਤਰੀ ਟੀ-20 ਵਿੱਚ ਗੇਂਦਬਾਜ਼ੀ ਦਾ ਨਵਾਂ ਰਿਕਾਰਡ ਬਣਾਇਆ ਹੈ। ਇਦਰੁਸ ਨੇ 8 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ ਜਿਸ ਸਦਕਾ ਮਲੇਸ਼ੀਆ ਨੇ ਚੀਨ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਦਰੁਸ ਨੇ ਸਾਰੇ ਖਿਡਾਰੀਆਂ ਨੂੰ ਬੋਲਡ ਆਊਟ ਕੀਤਾ। ਚੀਨ ਦੀ ਟੀਮ 11.2 ਓਵਰਾਂ ਵਿੱਚ ਸਿਰਫ਼ 23 ਦੌੜਾਂ ’ਤੇ ਹੀ ਆਊਟ ਹੋ ਗਈ। ਹੁਣ ਤੱਕ 22 ਟੀ-20 ਖੇਡ ਚੁੱਕੇ ਇਦਰੁਸ (32) ਨੇ ਨਾਇਜੀਰੀਆ ਦੇ ਪੀਟਰ ਓਹੋ ਦਾ ਰਿਕਾਰਡ ਤੋੜਿਆ ਜਿਸ ਨੇ ਸਿਏਰਾ ਲਿਓਨ ਖ਼ਿਲਾਫ਼ 2021 ’ਚ ਪੰਜ ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ।

ਆਈਸੀਸੀ ਦੇ ਪੂਰਨਕਾਲੀ ਮੈਂਬਰਾਂ ਵਿੱਚੋਂ ਭਾਰਤ ਦੇ ਦੀਪਕ ਚਾਹਰ ਦੇ ਨਾਂ ਟੀ-20 ’ਚ ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਹੈ ਜਿਸ ਨੇ ਬੰਗਲਾਦੇਸ਼ ਖ਼ਿਲਾਫ਼ 2019 ਵਿੱਚ 7 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਸਮੁੱਚੇ ਤੌਰ ’ਤੇ ਉਹ ਇਸ ਸੂਚੀ ਵਿੱਚ ਦਿਨੇਸ਼ ਨਕਰਾਨੀ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਹੈ ਜਿਸ ਨੇ ਯੁਗਾਂਡਾ ਖ਼ਿਲਾਫ਼ 2021 ਵਿੱਚ 6 ਦੌੜਾਂ ਦੇ ਕੇ 7 ਵਿਕਟਾਂ ਲਈਆਂ ਸਨ। ਨੈਦਰਲੈਂਡਜ਼ ਦੀ ਫ੍ਰੈਡਰਿਕ ਓਵਰਦਿਜਕ ਦੇ ਨਾਂ ਮਹਿਲਾ ਅਤੇ ਪੁਰਸ਼ ਦੋਵਾਂ ਵਰਗਾਂ ’ਚ ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਹੈ ਜਿਸ ਨੇ ਫਰਾਂਸ ਖ਼ਿਲਾਫ਼ 2021 ’ਚ 3 ਦੌੜਾਂ ਦੇ ਕੇ 7 ਵਿਕਟਾਂ ਲਈਆਂ ਸਨ। ਪੁਰਸ਼ ਟੀ-20 ਕ੍ਰਿਕਟ ’ਚ 12 ਗੇਂਦਬਾਜ਼ ਇੱਕ ਮੈਚ ਵਿੱਚ 6 ਜਾਂ ਇਸ ਤੋਂ ਵੱਧ ਵਿਕਟਾਂ ਲੈ ਚੁੱਕੇ ਹਨ, ਜਿਨ੍ਹਾਂ ਵਿੱਚ ਭਾਰਤ ਦਾ ਯੁਜਵੇਂਦਰ ਚਾਹਲ ਤੋਂ ਇਲਾਵਾ ਐਸ਼ਟਨ ਐਗਰ (ਆਸਟਰੇਲੀਆ), ਅਜੰਤਾ ਮੈਂਡਿਸ (ਸ੍ਰੀਲੰਕਾ) ਸ਼ਾਮਲ ਹਨ।